Sunday, July 26, 2026
Sunday, July 26, 2026
HomeHealthਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਕਰੋੜ ਰੁਪਏ...

ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ 3,524 ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ

‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਸੂਚੀਬੱਧ ਨਿੱਜੀ ਹਸਪਤਾਲਾਂ ਤੱਕ ਵਿਸਥਾਰ ਨਾਲ ਪੰਜਾਬ ਭਰ ਵਿੱਚ ਅੱਖਾਂ ਦੇ ਸਮੇਂ ਸਿਰ ਅਤੇ ਮੁਫ਼ਤ ਇਲਾਜ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ: ਡਾ. ਬਲਬੀਰ ਸਿੰਘ

‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਮੋਤੀਆਬਿੰਦ ਦੇ ਆਪ੍ਰੇਸ਼ਨ ਹੋਏ ਹੋਰ ਸੁਲਭ, ਬਜ਼ੁਰਗ ਮਰੀਜ਼ਾਂ ਦੇ ਜੀਵਨ ਪੱਧਰ ਵਿੱਚ ਆਇਆ ਸੁਧਾਰ: ਡਾ. ਮੁਨੀਸ਼ ਧਵਨ, ਪ੍ਰੋਫੈਸਰ, ਜੀ.ਜੀ.ਐਸ. ਮੈਡੀਕਲ ਕਾਲਜ*

ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਅੱਖਾਂ ਦੀਆਂ ਗੁਣਵੱਤਾਪੂਰਨ ਸਿਹਤ ਸੇਵਾਵਾਂ ਦਾ ਦਾਇਰਾ ਲਗਾਤਾਰ ਵਧਾ ਰਹੀ ਹੈ। ਇਸ ਯੋਜਨਾ ਤਹਿਤ ਹਜ਼ਾਰਾਂ ਮਰੀਜ਼ਾਂ ਨੂੰ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਦੀ ਸਹੂਲਤ ਮਿਲ ਰਹੀ ਹੈ। ਇਸ ਨਾਲ ਇਲਾਜ ਵਿੱਚ ਹੋਣ ਵਾਲੀ ਦੇਰੀ ਘਟੀ ਹੈ, ਮਾਹਿਰ ਨੇਤਰ ਚਿਕਿਤਸਾ ਤੱਕ ਲੋਕਾਂ ਦੀ ਪਹੁੰਚ ਵਧੀ ਹੈ ਅਤੇ ਖਾਸ ਕਰਕੇ ਬਜ਼ੁਰਗ ਮਰੀਜ਼ਾਂ ਉੱਤੇ ਪੈਣ ਵਾਲਾ ਆਰਥਿਕ ਬੋਝ ਘਟਿਆ ਹੈ।

ਯੋਜਨਾ ਦੇ ਅੰਕੜਿਆਂ ਅਨੁਸਾਰ ਹੁਣ ਤੱਕ 3,524 ਮਰੀਜ਼ਾਂ ਦੀਆਂ ਕਰੀਬ 1,98,68,890 ਰੁਪਏ ਦੀ ਲਾਗਤ ਨਾਲ ਅੱਖਾਂ ਦੀਆਂ ਸਰਜਰੀਆਂ ਮੁਫ਼ਤ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਮੋਤੀਆਬਿੰਦ ਦੇ ਆਪ੍ਰੇਸ਼ਨਾਂ ਦੀ ਰਹੀ, ਕਿਉਂਕਿ ਇਹ ਬਜ਼ੁਰਗਾਂ ਵਿੱਚ ਅੰਨ੍ਹੇਪਣ ਦਾ ਮੁੱਖ ਕਾਰਨ ਹੈ।

ਸਭ ਤੋਂ ਵੱਧ 3,070 ਮਰੀਜ਼ਾਂ ਦੇ ਸਮਾਲ ਇੰਸੀਜ਼ਨ ਕੈਟਰੈਕਟ ਸਰਜਰੀ (ਐਸਆਈਸੀਐਸ) ਨਾਨ-ਫੋਲਡੇਬਲ ਇੰਟਰਾ-ਆਕੂਲਰ ਲੈਂਸ (ਆਈਓਐਲ) ਨਾਲ ਕੀਤੇ ਗਏ, ਜਿਨ੍ਹਾਂ ਦੀ ਕੁੱਲ ਲਾਗਤ 1,54,40,380 ਰੁਪਏ ਰਹੀ। ਇਹ ਸਕੀਮ ਅਧੀਨ ਕਵਰ ਕੀਤੀਆਂ ਗਈਆਂ ਅੱਖਾਂ ਦੀਆਂ ਸਾਰੀਆਂ ਸਰਜਰੀਆਂ ਦਾ 87 ਫੀਸਦ ਤੋਂ ਵੱਧ ਸੀ।

ਦੂਜੀ ਸਭ ਤੋਂ ਵੱਧ ਕੀਤੀ ਗਈ ਪ੍ਰਕਿਰਿਆ ਪਟੇਰੀਜੀਅਮ ਵਿਦ ਕੰਜੰਕਟਾਈਵਲ ਆਟੋਗ੍ਰਾਫਟ ਰਹੀ, ਜਿਸ ਤਹਿਤ 333 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ ਇਸ ’ਤੇ ₹31,83,300 ਖਰਚ ਹੋਇਆ। ਇਸ ਤੋਂ ਇਲਾਵਾ ਯੋਜਨਾ ਤਹਿਤ 28 ਐਂਟਰੋਪੀਅਨ ਕਰੈਕਸ਼ਨ, 12 ਐਕਟ੍ਰੋਪੀਅਨ ਕਰੈਕਸ਼ਨ, ਬੱਚਿਆਂ ਦੀ ਲੈਂਸ ਸਰਜਰੀ, ਗਲੂਕੋਮਾ ਦਾ ਇਲਾਜ, ਟੀਅਰ ਡਕਟ ਸਰਜਰੀ ਅਤੇ ਹੋਰ ਕਈ ਤਰ੍ਹਾਂ ਦੇ ਅੱਖਾਂ ਦੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਗਏ, ਜਿਸ ਨਾਲ ਹਰ ਉਮਰ ਵਰਗ ਦੇ ਮਰੀਜ਼ਾਂ ਨੂੰ ਨੇਤਰ ਇਲਾਜ ਦੀ ਸਹੂਲਤ ਮਿਲ ਰਹੀ ਹੈ।

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਦੇ ਨੇਤਰ ਰੋਗ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਮੁਨੀਸ਼ ਧਵਨ ਨੇ ਕਿਹਾ ਕਿ ਇਹ ਯੋਜਨਾ ਅੱਖਾਂ ਦੇ ਆਧੁਨਿਕ ਇਲਾਜ ਨੂੰ ਹਰ ਵਰਗ ਲਈ ਸੁਖਾਲਾ ਅਤੇ ਕਿਫ਼ਾਇਤੀ ਬਣਾ ਰਹੀ ਹੈ। ਉਨ੍ਹਾਂ ਕਿਹਾ,“ਇਸ ਯੋਜਨਾ ਤਹਿਤ ਮਰੀਜ਼ਾਂ ਨੂੰ ਅਤਿ-ਆਧੁਨਿਕ ਅੱਖਾਂ ਦਾ ਇਲਾਜ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਫੋਲਡੇਬਲ ਇੰਟਰਾ-ਆਕੂਲਰ ਲੈਂਸ ਨਾਲ ਆਧੁਨਿਕ ਫੈਕੋਇਮਲਸੀਫਿਕੇਸ਼ਨ ਮੋਤੀਆਬਿੰਦ ਸਰਜਰੀ ਮੁਫ਼ਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਅੰਨ੍ਹੇਪਣ ਦਾ ਕਾਰਨ ਬਣ ਸਕਣ ਵਾਲੇ ਗਲੂਕੋਮਾ ਦਾ ਇਲਾਜ ਵੀ ਇਸ ਯੋਜਨਾ ਵਿੱਚ ਸ਼ਾਮਲ ਹੈ, ਜਿਸ ਨਾਲ ਮਰੀਜ਼ਾਂ ‘ਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ।”

ਉਨ੍ਹਾਂ ਕਿਹਾ ਕਿ ਇਹ ਯੋਜਨਾ ਖ਼ਾਸ ਕਰਕੇ ਬਜ਼ੁਰਗ ਮਰੀਜ਼ਾਂ ਲਈ ਬਹੁਤ ਲਾਭਕਾਰੀ ਸਾਬਤ ਹੋਈ ਹੈ ਕਿਉਂਕਿ ਆਰਥਿਕ ਤੰਗੀ ਕਾਰਨ ਕਈ ਲੋਕ ਇਲਾਜ ਟਾਲ ਦਿੰਦੇ ਹਨ। ਉਨ੍ਹਾਂ ਕਿਹਾ,“ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੀਤੀਆਂ ਜਾ ਰਹੀਆਂ ਅੱਖਾਂ ਦੀਆਂ ਸਰਜਰੀਆਂ ਬਜ਼ੁਰਗ ਮਰੀਜ਼ਾਂ ਲਈ ਵੱਡੀ ਰਾਹਤ ਸਾਬਤ ਹੋਈਆਂ ਹਨ। ਮੋਤੀਆਬਿੰਦ ਦੀ ਸਰਜਰੀ ਵਰਗੀਆਂ ਪ੍ਰਕਿਰਿਆਵਾਂ ਹੁਣ ਵਧੇਰੇ ਪਹੁੰਚਯੋਗ ਹਨ। ਇਸ ਨਾਲ ਮਰੀਜ਼ਾਂ ਦੇ ਜੀਵਨ ਪੱਧਰ ਵਿੱਚ ਵੱਡਾ ਸੁਧਾਰ ਆਇਆ ਹੈ ਅਤੇ ਉਹ ਹੋਰ ਆਤਮਨਿਰਭਰ ਬਣ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਨਜ਼ਰ ਦੀ ਸਮੱਸਿਆ ਕਾਰਨ ਰੋਜ਼ਾਨਾ ਦੇ ਕੰਮਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।” ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਲਾਵਾ ਸਕੁਇੰਟ ਆਪ੍ਰੇਸ਼ਨ ਵੀ ਇਸ ਯੋਜਨਾ ਤਹਿਤ ਮੁਫ਼ਤ ਕੀਤਾ ਜਾਂਦਾ ਹੈ।”

ਡਾ. ਮੁਨੀਸ਼ ਧਵਨ ਨੇ ਅੱਖਾਂ ਦੀਆਂ ਬੀਮਾਰੀਆਂ ਤੋਂ ਬਚਾਅ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ,“ਅੱਖਾਂ ਦੀਆਂ ਬੀਮਾਰੀਆਂ ਦੀ ਰੋਕਥਾਮ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਦੀ ਨਿਯਮਿਤ ਨਜ਼ਰ ਜਾਂਚ, 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਅਤੇ ਸ਼ੂਗਰ (ਡਾਇਬਟੀਜ਼) ਦੇ ਮਰੀਜ਼ਾਂ ਦੀ ਨਿਯਮਿਤ ਨਿਗਰਾਨੀ ਬਹੁਤ ਜ਼ਰੂਰੀ ਹੈ, ਕਿਉਂਕਿ ਡਾਇਬਟੀਜ਼ ਅੱਖਾਂ ਦੀ ਰੌਸ਼ਨੀ ’ਤੇ ਗੰਭੀਰ ਅਸਰ ਪਾ ਸਕਦੀ ਹੈ।”

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਸ਼ਾਮਲ ਕਰਨ ਨਾਲ ਸੂਬੇ ਭਰ ਵਿੱਚ ਆਧੁਨਿਕ ਢੰਗ ਨਾਲ ਅੱਖਾਂ ਦੀਆਂ ਇਲਾਜ ਸੇਵਾਵਾਂ ਵਧੇਰੇ ਪਹੁੰਚਯੋਗ ਹੋ ਗਈਆਂ ਹਨ। ਉਨ੍ਹਾਂ ਕਿਹਾ,“ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸੂਚੀਬੱਧ ਨਿੱਜੀ ਹਸਪਤਾਲਾਂ ਤੱਕ ਸੇਵਾਵਾਂ ਦਾ ਵਿਸਥਾਰ ਕਰਕੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵੱਧ ਤੋਂ ਵੱਧ ਮਰੀਜ਼ਾਂ ਨੂੰ ਸਮੇਂ ਸਿਰ ਮੁਫ਼ਤ ਸਰਜਰੀ ਮਿਲ ਸਕੇ। ਸਮੇਂ ਸਿਰ ਇਲਾਜ ਨਾਲ ਨਜ਼ਰ ‘ਤੇ ਪੈਣ ਵਾਲੇ ਮਾੜੇ ਅਸਰ ਨੂੰ ਰੋਕਿਆ ਜਾ ਸਕਦਾ ਹੈ ਅਤੇ ਮਰੀਜ਼ਾਂ ਦੇ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਲਿਆਂਦਾ ਜਾ ਸਕਦਾ ਹੈ।”

ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦਲਾ ਦਿਖਾਈ ਦੇਣਾ, ਅੱਖਾਂ ਵਿੱਚ ਲਗਾਤਾਰ ਜਲਣ, ਬਹੁਤ ਜ਼ਿਆਦਾ ਪਾਣੀ ਆਉਣਾ ਜਾਂ ਪਲਕਾਂ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਅਸਧਾਰਨਤਾ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਡਾਕਟਰੀ ਸਲਾਹ ਲੈਣ ਨਾਲ ਜਟਿਲਤਾਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਨਜ਼ਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ,“ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਇਸ ਰਾਹੀਂ ਯੋਗ ਮਰੀਜ਼ਾਂ ਨੂੰ ਆਮ ਤੋਂ ਲੈ ਕੇ ਵਿਸ਼ੇਸ਼ ਅੱਖਾਂ ਦੀਆਂ ਸਰਜਰੀਆਂ ਤੱਕ ਦੀ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਹਜ਼ਾਰਾਂ ਲੋਕ ਦੁਬਾਰਾ ਬਿਹਤਰ ਇਲਾਜ ਪ੍ਰਾਪਤ ਕਰਕੇ ਸਿਹਤਮੰਦ, ਆਤਮਨਿਰਭਰ ਅਤੇ ਸਨਮਾਨਪੂਰਵਕ ਜੀਵਨ ਬਤੀਤ ਕਰ ਰਹੇ ਹਨ।”

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments