Thursday, September 10, 2026
Thursday, September 10, 2026
HomeGOVERNANCEਪੰਜਾਬ ਦੀ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ, 15 ਬੱਸਾਂ ਬਜ਼ੁਰਗਾਂ ਨੂੰ ਲੈ...

ਪੰਜਾਬ ਦੀ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ, 15 ਬੱਸਾਂ ਬਜ਼ੁਰਗਾਂ ਨੂੰ ਲੈ ਕੇ ਸ੍ਰੀ ਖਾਟੂ ਸ਼ਿਆਮ-ਸਾਲਾਸਰ ਬਾਲਾਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਦੇ ਦਰਸ਼ਨਾਂ ਲਈ ਰਵਾਨਾ ਹੋਈਆਂ

‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸ਼ਿਆਰਪੁਰ ਵਿੱਚ ਬੱਸਾਂ ਨੂੰ ਦਿਖਾਈ ਹਰੀ ਝੰਡੀ

ਹੁਣ ਤੱਕ ਪੰਜਾਬ ਦੇ 4 ਲੱਖ ਬਜ਼ੁਰਗ ਤੀਰਥ ਯਾਤਰਾ ਕਰ ਚੁੱਕੇ ਹਨ-ਕੇਜਰੀਵਾਲ

ਸਰਕਾਰ ਤੀਰਥ ਯਾਤਰੀਆਂ ਨੂੰ ਲੈ ਕੇ ਜਾਣ ਲਈ ਏ.ਸੀ. ਸਲੀਪਰ ਬੱਸਾਂ, ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਮੁਫ਼ਤ ਕਰੇਗੀ-ਕੇਜਰੀਵਾਲ

ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਜਲੰਧਰ ਅਤੇ ਕਪੂਰਥਲਾ ਤੋਂ 10 ਬੱਸਾਂ ਰਿਸ਼ੀਕੇਸ਼-ਹਰਿਦੁਆਰ ਲਈ ਰਵਾਨਾ ਹੋਈਆਂ-ਭਗਵੰਤ ਸਿੰਘ ਮਾਨ

ਫਗਵਾੜਾ-ਗੁਰਦਾਸਪੁਰ ਤੋਂ 2 ਬੱਸਾਂ ਮਥੁਰਾ-ਵ੍ਰਿੰਦਾਵਨ ਅਤੇ ਜਲੰਧਰ-ਗੁਰਦਾਸਪੁਰ ਤੋਂ 3 ਬੱਸਾਂ ਸ੍ਰੀ ਖਾਟੂ ਸ਼ਿਆਮ-ਸਾਲਾਸਰ ਜਾਣਗੀਆਂ-ਭਗਵੰਤ ਸਿੰਘ ਮਾਨ

ਪਹਿਲੇ ਪੜਾਅ ਵਿੱਚ ਹੁਣ ਤੱਕ 4 ਲੱਖ ਤੀਰਥ ਯਾਤਰੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਦੇ ਦਰਸ਼ਨ ਕੀਤੇ-ਭਗਵੰਤ ਸਿੰਘ ਮਾਨ

ਸੇਵਾ ਤੇ ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਭਗਵੰਤ ਸਿੰਘ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਵਿਸਥਾਰ ਕੀਤਾ ਹੈ, ਜਿਸ ਤਹਿਤ ਹੁਣ ਸ਼ਰਧਾਲੂ ਸ੍ਰੀ ਖਾਟੂ ਸ਼ਿਆਮ-ਸਾਲਾਸਰ ਬਾਲਾਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ ਜੀ-ਵ੍ਰਿੰਦਾਵਨ ਧਾਮ ਵਰਗੇ ਪਵਿੱਤਰ ਅਸਥਾਨਾਂ ਦੀ ਯਾਤਰਾ ਕਰ ਰਹੇ ਹਨ। ਬੁੱਧਵਾਰ ਨੂੰ ਇਨ੍ਹਾਂ ਅਸਥਾਨਾਂ ਲਈ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀਆਂ 15 ਬੱਸਾਂ ਨੂੰ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸ਼ਿਆਰਪੁਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਨ੍ਹਾਂ ਨੇ ਬੱਸਾਂ ਦੇ ਅੰਦਰ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ।

ਇਸ ਯੋਜਨਾ ਤਹਿਤ 50 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸ਼ਰਧਾਲੂ ਯਾਤਰਾ ਕਰ ਸਕਦੇ ਹਨ, ਜਿਸ ਵਿੱਚ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਮੈਂਬਰ ਯਾਤਰਾ ਕਰਨ ਦੇ ਯੋਗ ਹਨ, ਜਦਕਿ ਸਰਕਾਰ ਵੱਲੋਂ ਏ.ਸੀ. ਸਲੀਪਰ ਬੱਸ ਯਾਤਰਾ, ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਮੁਫ਼ਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਪਹਿਲੇ ਪੜਾਅ ਵਿੱਚ ਹੁਣ ਤੱਕ 4 ਲੱਖ ਸ਼ਰਧਾਲੂ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਵਿਖੇ ਨਤਮਸਤਕ ਹੋ ਚੁੱਕੇ ਹਨ।

ਸ਼ਰਧਾਲੂਆਂ ਦੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਲੋਕਾਂ ਲਈ ਇਹ ਉਨ੍ਹਾਂ ਦੇ ਜੀਵਨ ਵਿੱਚ ਤੀਰਥ ਯਾਤਰਾ ‘ਤੇ ਜਾਣ ਦਾ ਇੱਕ ਬਹੁਤ ਵੱਡਾ ਮੌਕਾ ਹੈ। ਅਸੀਂ ਹੁਣੇ ਬੱਸਾਂ ਦੇ ਅੰਦਰ ਵੀ ਗਏ ਸੀ। ਬੱਸਾਂ ਬਹੁਤ ਹੀ ਸ਼ਾਨਦਾਰ, ਆਰਾਮਦਾਇਕ ਅਤੇ ਏ.ਸੀ. ਹਨ। ਲੋਕਾਂ ਨੂੰ ਕੁਝ ਵੀ ਖਰਚ ਕਰਨ ਦੀ ਲੋੜ ਨਹੀਂ ਹੈ। ਭਗਵੰਤ ਮਾਨ ਸਰਕਾਰ ਯਾਤਰਾ, ਰਹਿਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਖੁਦ ਉਠਾਏਗੀ। ਸ਼ਰਧਾਲੂਆਂ ਲਈ ਬਹੁਤ ਵਧੀਆ ਹੋਟਲਾਂ ਦੇ ਪ੍ਰਬੰਧ ਕੀਤੇ ਗਏ ਹਨ। ਉੱਥੇ ਪਹੁੰਚਣ ਤੋਂ ਬਾਅਦ ਵੀ ਚੰਗੀਆਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ, ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।”

‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਦੱਸਿਆ, “ਅੱਜ 15 ਬੱਸਾਂ ਹਰਿਦੁਆਰ-ਰਿਸ਼ੀਕੇਸ਼, ਮਥੁਰਾ ਜੀ-ਵ੍ਰਿੰਦਾਵਨ ਧਾਮ ਅਤੇ ਸਾਲਾਸਰ-ਸ੍ਰੀ ਖਾਟੂ ਸ਼ਿਆਮ ਜਾ ਰਹੀਆਂ ਹਨ। ਅਸੀਂ ਬੱਸਾਂ ਦੇ ਅੰਦਰ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਵਿੱਚੋਂ ਕਈਆਂ ਨੂੰ ਪਹਿਲੀ ਵਾਰ ਸਾਲਾਸਰ ਅਤੇ ਸ੍ਰੀ ਖਾਟੂ ਸ਼ਿਆਮ ਜਾਣ ਦਾ ਮੌਕਾ ਮਿਲ ਰਿਹਾ ਹੈ। ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਦੇ ਕੁੱਲ 1.5 ਲੱਖ ਲੋਕਾਂ ਨੂੰ ਵੱਖ-ਵੱਖ ਤੀਰਥ ਅਸਥਾਨਾਂ ‘ਤੇ ਲਿਜਾਇਆ ਜਾਵੇਗਾ।”

ਸ਼ਰਧਾਲੂਆਂ ਦੀ ਯਾਤਰਾ ਲਈ ਕਾਮਨਾ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, “ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਸੁਖਦ ਯਾਤਰਾ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸ਼ਰਧਾਲੂ ਅਜਿਹੀਆਂ ਅਸੀਸਾਂ ਲੈ ਕੇ ਪਰਤਣ ਜਿਸ ਨਾਲ ਪੰਜਾਬ ਖੁਸ਼ਹਾਲ ਹੋਵੇ, ਪੰਜਾਬ ਦੇ ਲੋਕ ਖੁਸ਼ ਰਹਿਣ, ਅਤੇ ਪੰਜਾਬ ਵਿੱਚ ਖੁਸ਼ੀ ਅਤੇ ਸ਼ਾਂਤੀ ਹੋਵੇ। ਮੈਂ ਸਾਰਿਆਂ ਦੀ ਖੁਸ਼ੀ, ਚੰਗੀ ਸਿਹਤ ਅਤੇ ਇੱਕ ਸਫਲ ਯਾਤਰਾ ਦੀ ਕਾਮਨਾ ਕਰਦਾ ਹਾਂ।”

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਪਵਿੱਤਰ ਮੌਕੇ ਮੈਂ ਹੁਸ਼ਿਆਰਪੁਰ, ਪਠਾਨਕੋਟ, ਮੁਕੇਰੀਆਂ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਸਾਰੇ ਲੋਕਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ, ਜੋ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ, ਮਥੁਰਾ, ਰਿਸ਼ੀਕੇਸ਼ ਤੇ ਅਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ, ਰਾਮ ਤੀਰਥ, ਅੰਮ੍ਰਿਤਸਰ ਸਾਹਿਬ, ਵਾਹਗਾ ਬਾਰਡਰ ਅਤੇ ਫ਼ਤਿਹਗੜ੍ਹ ਸਾਹਿਬ ਵਰਗੇ ਧਾਰਮਿਕ ਅਸਥਾਨਾਂ ਲਈ ਤੀਰਥ ਯਾਤਰਾ ਬੱਸਾਂ ਚੱਲ ਰਹੀਆਂ ਹਨ। ਸਾਰੇ ਧਰਮਾਂ ਦੇ ਧਾਰਮਿਕ ਸਥਾਨ ਇਨਸਾਨੀਅਤ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ।”

ਮੁੱਖ ਮੰਤਰੀ ਨੇ ਕਿਹਾ, “ਅੱਜ ਹੁਸ਼ਿਆਰਪੁਰ ਤੋਂ ਵ੍ਰਿੰਦਾਵਨ, ਸਾਲਾਸਰ, ਖਾਟੂ ਸ਼ਿਆਮ, ਰਿਸ਼ੀਕੇਸ਼ ਅਤੇ ਮਥੁਰਾ ਲਈ 15 ਬੱਸਾਂ ਜਾ ਰਹੀਆਂ ਹਨ। ਅਸੀਂ ਸ਼ਰਧਾਲੂਆਂ ਨੂੰ ਮਿਲੇ ਅਤੇ ਬੱਸਾਂ ਵਿੱਚ ਬੈਠੇ ਸ਼ਰਧਾਲੂ ਬਹੁਤ ਖੁਸ਼ ਹਨ ਅਤੇ ਪਹਿਲਾਂ ਹੀ ਭਜਨ ਗਾ ਰਹੇ ਹਨ। ਮੈਂ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੀ ਯਾਤਰਾ ਸ਼ੁਭ ਹੋਵੇ, ਉਹ ਖੁਸ਼ੀ-ਖੁਸ਼ੀ, ਗਾਉਂਦੇ ਹੋਏ ਅਤੇ ਅਨੰਦ ਮਾਣਦੇ ਹੋਏ ਜਾਣ ਅਤੇ ਪੰਜਾਬ ਦੀ ਭਲਾਈ ਅਤੇ ਤਰੱਕੀ ਲਈ ਅਰਦਾਸ ਕਰਕੇ ਪਰਤਣ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਰਸ਼ਨਾਂ ਲਈ ਜਾਣ ਅਤੇ ਪੰਜਾਬ ਦੀ ਬਿਹਤਰੀ, ਤਰੱਕੀ ਅਤੇ ਚੰਗੀ ਸਿਹਤ ਲਈ ਅਰਦਾਸ, ਦੁਆ ਅਤੇ ਆਰਤੀ ਕਰਕੇ ਪਰਤਣ।”

ਉਨ੍ਹਾਂ ਕਿਹਾ, “ਸਾਰੇ ਸ਼ਰਧਾਲੂਆਂ ਦੀ ਯਾਤਰਾ ਲਈ ਏਸੀ ਸਲੀਪਰ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਰਹਿਣ ਲਈ ਏ.ਸੀ. ਕਮਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਪੂਰੀ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਮੁਫ਼ਤ ਖਾਣਾ ਅਤੇ ਦੇਖਭਾਲ ਪ੍ਰਦਾਨ ਕੀਤੀ ਜਾਵੇਗੀ। ਹਰੇਕ ਸ਼ਰਧਾਲੂ ਦਾ ਮੈਡੀਕਲ ਬੀਮਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਉਹ ਸੂਚੀਬੱਧ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਸਕਣ। ਸ਼ਰਧਾਲੂਆਂ ਦੀ ਸਹੂਲਤ ਲਈ ਹਰੇਕ ਬੱਸ ਵਿੱਚ ਇੱਕ ਅਟੈਂਡੈਂਟ ਮੌਜੂਦ ਰਹੇਗਾ ਅਤੇ ਹਰੇਕ ਮੰਜ਼ਿਲ ‘ਤੇ ਇੱਕ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ ਤਾਂ ਜੋ ਦਰਸ਼ਨ ਕਰਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਹੋ ਸਕੇ।”

ਮੁੱਖ ਮੰਤਰੀ ਨੇ ਕਿਹਾ, “ਯਾਤਰਾ ਪੂਰੀ ਹੋਣ ‘ਤੇ ਸਾਰੇ ਸ਼ਰਧਾਲੂਆਂ ਨੂੰ ਪ੍ਰਸਾਦ ਅਤੇ ਯਾਦਗਾਰ ਵਜੋਂ ਪਿੱਤਲ ਦਾ ਗਿਲਾਸ ਵੀ ਦਿੱਤਾ ਜਾਵੇਗਾ। ਕਿਸੇ ਵੀ ਖੇਤਰ, ਜਾਤ ਜਾਂ ਧਰਮ ਦੇ ਲੋਕ ਇਨ੍ਹਾਂ ਧਾਰਮਿਕ ਯਾਤਰਾਵਾਂ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਪੰਜਾਬ ਸਰਕਾਰ ਦਾ ਇਹ ਉਪਰਾਲਾ ਉਨ੍ਹਾਂ ਬਜ਼ੁਰਗਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਰਿਹਾ ਹੈ ਜੋ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈਣਾ ਚਾਹੁੰਦੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜ ਜ਼ਿਲ੍ਹਿਆਂ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਠਾਨਕੋਟ ਅਤੇ ਗੁਰਦਾਸਪੁਰ ਦੇ ਸ਼ਰਧਾਲੂਆਂ ਨੂੰ ਲੈ ਕੇ ਕੁੱਲ 15 ਬੱਸਾਂ ਹੁਸ਼ਿਆਰਪੁਰ ਤੋਂ ਵੱਖ-ਵੱਖ ਧਾਰਮਿਕ ਅਸਥਾਨਾਂ ਲਈ ਰਵਾਨਾ ਹੋਈਆਂ ਹਨ। ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਜਲੰਧਰ ਅਤੇ ਕਪੂਰਥਲਾ ਤੋਂ 10 ਬੱਸਾਂ ਰਿਸ਼ੀਕੇਸ਼-ਹਰਿਦੁਆਰ ਜਾਣਗੀਆਂ। ਇਸੇ ਤਰ੍ਹਾਂ ਫਗਵਾੜਾ ਅਤੇ ਗੁਰਦਾਸਪੁਰ ਤੋਂ 2 ਬੱਸਾਂ ਸ਼ਰਧਾਲੂਆਂ ਨੂੰ ਮਥੁਰਾ-ਵ੍ਰਿੰਦਾਵਨ ਲੈ ਕੇ ਜਾਣਗੀਆਂ ਜਦਕਿ ਜਲੰਧਰ ਅਤੇ ਗੁਰਦਾਸਪੁਰ ਤੋਂ 3 ਬੱਸਾਂ ਸ਼ਰਧਾਲੂਆਂ ਨੂੰ ਸ੍ਰੀ ਖਾਟੂ ਸ਼ਿਆਮ-ਸਾਲਾਸਰ ਲੈ ਕੇ ਜਾਣਗੀਆਂ।”

ਉਨ੍ਹਾਂ ਕਿਹਾ, “ਯੋਜਨਾ ਦੇ ਪਹਿਲੇ ਪੜਾਅ ਵਿੱਚ ਹੁਣ ਤੱਕ 4 ਲੱਖ ਸ਼ਰਧਾਲੂ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਵਿਖੇ ਨਤਮਸਤਕ ਹੋ ਚੁੱਕੇ ਹਨ। ਇਸ ਤੀਰਥ ਯਾਤਰਾ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਕਲੱਸਟਰ ਬਣਾਏ ਗਏ ਹਨ। ਇਸ ਤੀਰਥ ਯਾਤਰਾ ‘ਤੇ ਹੁਣ ਤੱਕ 148 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਯਾਤਰਾਵਾਂ ‘ਤੇ 10 ਲੱਖ ਸ਼ਰਧਾਲੂਆਂ ਨੂੰ ਲਿਜਾਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਵਿਸ਼ੇਸ਼ ਤੀਰਥ ਯਾਤਰਾ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਟੈਂਟ ਸਿਟੀ ਵੀ ਸਥਾਪਿਤ ਕੀਤਾ ਗਿਆ ਹੈ ਅਤੇ ਯਾਤਰਾ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ।”

ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਹੋਰ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments