Friday, September 11, 2026
Friday, September 11, 2026
HomePoliticsਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ...

ਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾ

ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ, ਹਰ ਜਾਇਜ਼ ਮੰਗ ਪੂਰੀ ਕਰਨ ਲਈ ਵਚਨਬੱਧ: ਅਮਨ ਅਰੋੜਾ

3 ਕਰੋੜ ਪੰਜਾਬੀ ਇੱਕ ਪਰਿਵਾਰ ਹਨ, ਸਾਡੇ ਮੁਲਾਜ਼ਮ ਇਸ ਦਾ ਉੱਨਾ ਹੀ ਅਹਿਮ ਹਿੱਸਾ ਹਨ, ਮੁਲਾਜ਼ਮਾਂ ਨੂੰ ਹੜਤਾਲ ਖ਼ਤਮ ਕਰਕੇ ਕੰਮ ‘ਤੇ ਪਰਤਣ ਦੀ ਅਪੀਲ: ਅਮਨ ਅਰੋੜਾ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੇ ਮੁਲਾਜ਼ਮਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਹਰ ਜਾਇਜ਼ ਮੰਗ ‘ਤੇ ਵਿਚਾਰ ਕਰਨ ਅਤੇ ਉਸ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਤਿੰਨ ਕਰੋੜ ਪੰਜਾਬੀ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਇੱਕੋ ਪਰਿਵਾਰ ਦਾ ਹਿੱਸਾ ਹਨ ਅਤੇ ਸਰਕਾਰ ਦਾ ਉਦੇਸ਼ ਗੱਲਬਾਤ, ਆਪਸੀ ਸਮਝਦਾਰੀ ਅਤੇ ਹਾਂ-ਪੱਖੀ ਪਹੁੰਚ ਰਾਹੀਂ ਸਾਰੀਆਂ ਵਾਜਬ ਚਿੰਤਾਵਾਂ ਦਾ ਹੱਲ ਕੱਢਣਾ ਹੈ।

ਇੱਕ ਬਿਆਨ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ, “ਸਾਡੇ ਲਈ ਤਿੰਨ ਕਰੋੜ ਪੰਜਾਬੀ ਇੱਕ ਪਰਿਵਾਰ ਹਨ ਅਤੇ ਸਾਡੇ ਮੁਲਾਜ਼ਮ ਇਸ ਪਰਿਵਾਰ ਦਾ ਉੱਨਾ ਹੀ ਮਹੱਤਵਪੂਰਨ ਹਿੱਸਾ ਹਨ। ਅਸੀਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਦੇ ਹਾਂ ਅਤੇ ਪੰਜਾਬ ਲਈ ਉਨ੍ਹਾਂ ਦੇ ਯੋਗਦਾਨ ਦਾ ਸਤਿਕਾਰ ਕਰਦੇ ਹਾਂ। ਸਾਡੀ ਸਰਕਾਰ ਆਪਣੇ ਮੁਲਾਜ਼ਮਾਂ ਦੀ ਹਰ ਜਾਇਜ਼ ਮੰਗ ‘ਤੇ ਵਿਚਾਰ ਕਰਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਇਮਾਨਦਾਰੀ ਨਾਲ ਕੰਮ ਕਰਨ ਲਈ ਵਚਨਬੱਧ ਹੈ।”

ਉਨ੍ਹਾਂ ਮੁਲਾਜ਼ਮ ਜਥੇਬੰਦੀਆਂ ਨੂੰ ਚੱਲ ਰਹੀ ਹੜਤਾਲ ਖ਼ਤਮ ਕਰਕੇ ਆਪਣੀ ਡਿਊਟੀ ‘ਤੇ ਪਰਤਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ, “ਮੈਂ ਸਾਡੇ ਮੁਲਾਜ਼ਮਾਂ ਨੂੰ ਹੜਤਾਲ ਖ਼ਤਮ ਕਰਕੇ ਕੰਮ ‘ਤੇ ਪਰਤਣ ਦੀ ਅਪੀਲ ਕਰਦਾ ਹਾਂ। ਅਜਿਹੇ ਮੁੱਦਿਆਂ ਕਰਕੇ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣੀ ਚਾਹੀਦੀ, ਜਿਨ੍ਹਾਂ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾ ਸਕਦਾ ਹੈ ਅਤੇ ਕੀਤਾ ਜਾਣਾ ਚਾਹੀਦਾ ਹੈ। ਅਸੀਂ ਆਪਣੇ ਮੁਲਾਜ਼ਮਾਂ ਨਾਲ ਬੈਠਣ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਅੱਗੇ ਵਧਣ ਲਈ ਇੱਕ ਰਚਨਾਤਮਕ ਰਸਤਾ ਲੱਭਣ ਲਈ ਤਿਆਰ ਹਾਂ।”

ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਠੋਸ ਕਦਮ ਚੁੱਕ ਚੁੱਕੀ ਹੈ। ਉਨ੍ਹਾਂ ਦੱਸਿਆ, “17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਲਗਭਗ 85,000 ਮੁਲਾਜ਼ਮਾਂ ਲਈ, ਅਸੀਂ ਪਹਿਲਾਂ ਹੀ 60% ਡੀਏ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਉਨ੍ਹਾਂ ਦਾ ਡੀਏ ਕੇਂਦਰ ਸਰਕਾਰ ਦੀ ਦਰ ਦੇ ਬਰਾਬਰ ਹੋ ਗਿਆ ਹੈ।”

ਮੰਤਰੀ ਨੇ ਕਿਹਾ ਕਿ ਡੀਏ ਅਤੇ ਏਰੀਅਰ ਦਾ ਵੱਡਾ ਮੁੱਦਾ ਪਹਿਲਾਂ ਹੀ ਮਾਨਯੋਗ ਸੁਪਰੀਮ ਕੋਰਟ ਦੇ ਵਿਚਾਰਧੀਨ ਹੈ ਅਤੇ ਸਰਕਾਰ ਦੇਸ਼ ਦੀ ਇਸ ਸਰਵਉੱਚ ਅਦਾਲਤ ਦੇ ਫੈਸਲੇ ਦਾ ਪੂਰਾ ਸਤਿਕਾਰ ਕਰੇਗੀ। ਉਨ੍ਹਾਂ ਕਿਹਾ, “ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ ਅਤੇ ਅਸੀਂ ਅਦਾਲਤ ਦੇ ਫੈਸਲੇ ਦਾ ਪਾਲਣ ਕਰਾਂਗੇ। ਇਸ ਦੇ ਨਾਲ ਹੀ ਸਾਡੇ ਮੁਲਾਜ਼ਮਾਂ ਨਾਲ ਗੱਲਬਾਤ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਸਾਡਾ ਮੰਨਣਾ ਹੈ ਕਿ ਆਪਸੀ ਸਮਝਦਾਰੀ ਨਾਲ ਹਰ ਵਾਜਬ ਮੁੱਦੇ ਦਾ ਹੱਲ ਕੱਢਿਆ ਜਾ ਸਕਦਾ ਹੈ।”

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਰਾਜ ਦੇ ਪ੍ਰਸ਼ਾਸਨ ਅਤੇ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ, “ਅਸੀਂ ਆਪਣੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਯੋਗਦਾਨ ਦਾ ਬੇਹੱਦ ਸਤਿਕਾਰ ਕਰਦੇ ਹਾਂ। ਸਰਕਾਰ ਅਤੇ ਉਸ ਦੇ ਮੁਲਾਜ਼ਮ ਇੱਕੋ ਪਾਸੇ ਹਨ। ਸਾਡੀ ਸਾਂਝੀ ਜ਼ਿੰਮੇਵਾਰੀ ਪੰਜਾਬ ਅਤੇ ਇਸ ਦੇ ਲੋਕਾਂ ਦੀ ਸੇਵਾ ਕਰਨਾ ਹੈ, ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ, ਬਾਕੀ ਰਹਿੰਦੇ ਮੁੱਦਿਆਂ ਨੂੰ ਸੁਲਝਾ ਲਵਾਂਗੇ।”

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments