Tuesday, July 28, 2026
Tuesday, July 28, 2026
HomeDefenceਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਦਿੱਤੀ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ; ਕਿਹਾ- ਉਨ੍ਹਾਂ ਦੀ ਅਦੁੱਤੀ ਸ਼ਹਾਦਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ

* ਪੰਜਾਬ ਦਾ ਇਤਿਹਾਸ ਯੋਧਿਆਂ ਦੀ ਬਹਾਦਰੀ ਅਤੇ ਕੁਰਬਾਨੀਆਂ ਨਾਲ ਲਿਖਿਆ ਗਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਪੰਜਾਬ ਸਰਕਾਰ ਦੇਸ਼ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਸ਼ਹਾਦਤ ਦੇਣ ਵਾਲੇ ਜਵਾਨ ਸਿਰਫ਼ ਇੱਕ ਪਰਿਵਾਰ ਦੇ ਨਹੀਂ, ਸਗੋਂ ਪੂਰੇ ਦੇਸ਼ ਦਾ ਸਭ ਤੋਂ ਵੱਡਾ ਸਰਮਾਇਆ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਾਰਗਿਲ ਵਿਜੈ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਜਵਾਨਾਂ ਦੀ ਬੇਮਿਸਾਲ ਬਹਾਦਰੀ, ਦਲੇਰੀ ਅਤੇ ਲਾਮਿਸਾਲ ਸੇਵਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਮੁੱਖ ਮੰਤਰੀ ਨੇ ਵਾਰ ਮੈਮੋਰੀਅਲ ‘ਤੇ ਫੁੱਲਮਾਲਾ ਭੇਟ ਕਰ ਕੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਸ਼ਹੀਦ ਜਵਾਨਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਨਾਲ ਮੁਲਾਕਾਤ ਕੀਤੀ, ਦਿਵਿਆਂਗ ਸਾਬਕਾ ਸੈਨਿਕਾਂ ਨੂੰ ਪੰਜ ਦੋ-ਪਹੀਆ ਵਾਹਨ ਵੰਡੇ ਅਤੇ ਐਨ.ਸੀ.ਸੀ. ਕੈਡੇਟਾਂ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ ਕੈਡੇਟਾਂ ਨੂੰ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ।

ਮੁੱਖ ਮੰਤਰੀ ਨੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ ਦੁਹਰਾਈ।

ਇਸ ਖਾਸ ਮੌਕੇ ਦੀ ਇੱਕ ਝਲਕ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ, “ਅੱਜ 27ਵੇਂ ਕਾਰਗਿਲ ਵਿਜੈ ਦਿਵਸ ਦੇ ਮੌਕੇ ‘ਤੇ ਮੈਂ ਸਾਡੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸ਼ਾਨ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ 527 ਬਹਾਦਰ ਜਵਾਨਾਂ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਵਿੱਚ ਪੰਜਾਬ ਦੇ 65 ਬਹਾਦਰ ਸਪੂਤ ਵੀ ਸ਼ਾਮਲ ਸਨ, ਜਿਨ੍ਹਾਂ ਦੀ ਕੁਰਬਾਨੀ ਹਰ ਪੰਜਾਬੀ ਨੂੰ ਮਾਣ ਨਾਲ ਭਰ ਦਿੰਦੀ ਹੈ।

ਉਨ੍ਹਾਂ ਕਿਹਾ, “ਸ਼ਹਾਦਤ ਦੇਣ ਵਾਲੇ ਜਵਾਨ ਸਿਰਫ਼ ਇੱਕ ਪਰਿਵਾਰ ਦੇ ਨਹੀਂ ਹੁੰਦੇ, ਉਹ ਪੂਰੇ ਦੇਸ਼ ਦੀ ਸਭ ਤੋਂ ਵੱਡੀ ਦੌਲਤ ਹਨ। ਅੱਜ ਅਸੀਂ ਜਿਸ ਆਜ਼ਾਦੀ ਅਤੇ ਸੁਰੱਖਿਆ ਦਾ ਨਿੱਘ ਮਾਣ ਰਹੇ ਹਾਂ, ਉਹ ਸਾਡੇ ਬਹਾਦਰ ਜਵਾਨਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਦਾ ਹੀ ਨਤੀਜਾ ਹੈ। ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੀ ਮਹਾਨ ਵਿਰਾਸਤ ਦਾ ਸਤਿਕਾਰ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਜੈ ਹਿੰਦ।”

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਬਹਾਦਰ ਜਵਾਨਾਂ ਦੀ ਅਦੁੱਤੀ ਕੁਰਬਾਨੀ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਭਗਤੀ, ਸਮਰਪਣ ਅਤੇ ਨਿਸ਼ਕਾਮ ਭਾਵਨਾ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਕਾਰਗਿਲ ਯੁੱਧ ਦੌਰਾਨ 527 ਜਵਾਨਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ, ਜਿਨ੍ਹਾਂ ਵਿੱਚ ਪੰਜਾਬ ਦੇ 65 ਤੋਂ ਵੱਧ ਬਹਾਦਰ ਸਪੂਤ ਸ਼ਾਮਲ ਸਨ। ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਹਮੇਸ਼ਾ ਹਰ ਭਾਰਤੀ ਲਈ ਮਾਣ ਅਤੇ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ।”

ਮੁੱਖ ਮੰਤਰੀ ਨੇ ਦੱਸਿਆ, “ਪੰਜਾਬ ਦਾ ਇਤਿਹਾਸ ਅਣਗਿਣਤ ਕੁਰਬਾਨੀਆਂ ਨਾਲ ਲਿਖਿਆ ਗਿਆ ਹੈ ਅਤੇ ਜੋ ਕੌਮਾਂ ਆਪਣੇ ਇਤਿਹਾਸ ਦਾ ਸਤਿਕਾਰ ਕਰਦੀਆਂ ਹਨ, ਉਹ ਹਮੇਸ਼ਾ ਤਰੱਕੀ ਕਰਦੀਆਂ ਹਨ। ਸਾਡੇ ਸ਼ਹੀਦ ਸਿਰਫ਼ ਆਪਣੇ ਪਰਿਵਾਰਾਂ ਦੇ ਨਹੀਂ, ਸਗੋਂ ਪੂਰੇ ਦੇਸ਼ ਦੇ ਹਨ। ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਦੀ ਮਹਾਨ ਵਿਰਾਸਤ ਨੂੰ ਸੰਭਾਲਣਾ ਅਤੇ ਸਤਿਕਾਰ ਦੇਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।”

ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਚਾਹੇ ਕਾਰਗਿਲ ਦੀਆਂ ਬਰਫ਼ੀਲੀਆਂ ਚੋਟੀਆਂ ਹੋਣ ਜਾਂ ਜੈਸਲਮੇਰ ਦੇ ਭਖਦੇ ਰੇਗਿਸਤਾਨ, ਸਾਡੇ ਬਹਾਦਰ ਜਵਾਨ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਹਮੇਸ਼ਾ ਡਟੇ ਰਹਿੰਦੇ ਹਨ। 1999 ਦੇ ਕਾਰਗਿਲ ਯੁੱਧ ਨੂੰ ਯਾਦ ਕਰਨਾ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੰਦਾ ਹੈ ਕਿਉਂਕਿ ਉਸ ਨਾਜ਼ੁਕ ਮੋੜ ‘ਤੇ ਪੂਰਾ ਦੇਸ਼, ਦੇਸ਼ ਭਗਤੀ ਦੀ ਅਦੁੱਤੀ ਭਾਵਨਾ ਨਾਲ ਇੱਕਜੁੱਟ ਹੋ ਕੇ ਖੜ੍ਹਾ ਸੀ।”

ਮੁੱਖ ਮੰਤਰੀ ਨੇ ਕਿਹਾ, “ਕਾਰਗਿਲ ਵਿਜੈ ਦਿਵਸ ਸਭ ਤੋਂ ਚੁਣੌਤੀਪੂਰਨ ਹਾਲਾਤ ਵਿੱਚ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੁਆਰਾ ਦਿਖਾਈ ਗਈ ਲਾਮਿਸਾਲ ਬਹਾਦਰੀ, ਸਾਹਸ ਅਤੇ ਕੁਰਬਾਨੀ ਦਾ ਪ੍ਰਤੀਕ ਹੈ। ਇਸ ਯੁੱਧ ਦੌਰਾਨ ਸਾਡੇ ਜਵਾਨਾਂ ਦੁਆਰਾ ਦਿਖਾਈ ਗਈ ਬੇਮਿਸਾਲ ਬਹਾਦਰੀ ‘ਤੇ ਹਰ ਭਾਰਤੀ ਨੂੰ ਮਾਣ ਹੈ। ਦੇਸ਼ ਲਈ ਉਨ੍ਹਾਂ ਦੇ ਸਮਰਪਣ ਦਾ ਕਰਜ਼ਾ ਕਦੇ ਮੋੜਿਆ ਨਹੀਂ ਜਾ ਸਕਦਾ।”

ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਰਸਾਉਂਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਜਵਾਨਾਂ ਦੀ ਅਦੁੱਤੀ ਕੁਰਬਾਨੀ ਦੇ ਸਤਿਕਾਰ ਵਜੋਂ ਪੰਜਾਬ ਸਰਕਾਰ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਹਰੇਕ ਜਵਾਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਅਤੇ ਬੀਬੀਆਂ ਦੁਆਰਾ ਨਿਭਾਈ ਗਈ ਅਮੁੱਲ ਸੇਵਾ ਨੂੰ ਮਾਨਤਾ ਦੇਣ ਦਾ ਸਾਡਾ ਇੱਕ ਨਿਮਾਣਾ ਜਿਹਾ ਯਤਨ ਹੈ।”

ਐਨ.ਸੀ.ਸੀ. ਕੈਡੇਟਾਂ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ ਕੈਡੇਟਾਂ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਹਥਿਆਰਬੰਦ ਬਲਾਂ ਰਾਹੀਂ ਦੇਸ਼ ਦੀ ਸੇਵਾ ਕਰਨਾ ਸਭ ਤੋਂ ਉੱਤਮ ਕਾਰਜਾਂ ਵਿੱਚੋਂ ਇੱਕ ਹੈ। ਮੈਂ ਸਾਡੇ ਨੌਜਵਾਨ ਕੈਡੇਟਾਂ ਨੂੰ ਇਸ ਮਹਾਨ ਕਾਰਜ ਲਈ ਸਮਰਪਿਤ ਹੋਣ ਦੀ ਅਪੀਲ ਕਰਦਾ ਹਾਂ। ਪੰਜਾਬ ਸਰਕਾਰ ਦੇਸ਼ ਸੇਵਾ ਦੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਸਹਿਯੋਗ ਦੇਵੇਗੀ। ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣ ਸਕਦੇ ਹਨ ਅਤੇ ਸਾਡੇ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਕੌਮਪ੍ਰਸਤੀ ਦੀ ਭਾਵਨਾ ਨੂੰ ਮਜ਼ਬੂਤ ਕਰ ਸਕਦੇ ਹਨ।”ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਹਥਿਆਰਬੰਦ ਬਲਾਂ ਦੇ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਦੇਸ਼ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਰ ਮੈਮੋਰੀਅਲ ‘ਤੇ ਫੁੱਲ ਮਾਲਾ ਭੇਟ ਕੀਤੀ। ਇਸ ਦੌਰਾਨ ਜਵਾਨਾਂ ਦੇ ਸਤਿਕਾਰ ਵਿੱਚ ‘ਲਾਸਟ ਪੋਸਟ’ ਦੀ ਧੁਨ ਵਜਾਈ ਗਈ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੁੱਖ ਮੰਤਰੀ ਨੇ ਸਾਬਕਾ ਸੈਨਿਕਾਂ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਦੇਸ਼ ਲਈ ਉਨ੍ਹਾਂ ਦੀ ਅਮੁੱਲ ਸੇਵਾ ਅਤੇ ਅਟੁੱਟ ਸਮਰਪਣ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੀ.ਏ.ਪੀ. ਗਰੁੱਪ ਕਮਾਂਡਰ ਡੀ.ਐਸ.ਪੀ. ਦਵਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਪੀ.ਏ.ਪੀ. ਬੈਂਡ ਦੁਆਰਾ ਪੇਸ਼ ਕੀਤੇ ਗਏ ਸ਼ਾਨਦਾਰ ‘ਗਾਰਡ ਆਫ਼ ਆਨਰ’ ਤੋਂ ਸਲਾਮੀ ਲਈ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments