Thursday, July 30, 2026
Thursday, July 30, 2026
HomeUncategorized40 ਲੱਖ ਔਰਤਾਂ ਇਕ ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ...

40 ਲੱਖ ਔਰਤਾਂ ਇਕ ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ ਲਈ ਰਜਿਸਟਰ ਹੋ ਰਹੀਆਂ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਹਰੇਕ ਔਰਤ ਦੇ ਖਾਤੇ ਵਿੱਚ 3,000 ਰੁਪਏ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਔਰਤਾਂ ਨੂੰ 4,500 ਰੁਪਏ ਟਰਾਂਸਫਰ ਕੀਤੇ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਰਕਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਮੋੜ ਰਹੀ ਹੈ, ਇਸੇ ਲਈ ਵਿਰੋਧੀ ਧਿਰ ਪ੍ਰੇਸ਼ਾਨ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ; ਨਫ਼ਰਤ ਦੇ ਬੀਜ ਇੱਥੇ ਕਦੇ ਵੀ ਪੁੰਗਰ ਨਹੀਂ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਰਾਮ ਨੌਮੀ, ਗੁਰਪੁਰਬ, ਸ਼ਹੀਦੀ ਸਮਾਗਮ, ਹਨੂਮਾਨ ਜੈਅੰਤੀ, ਈਦ ਸਮੇਤ ਹਰ ਤਿਉਹਾਰ ਮਿਲ ਕੇ ਮਨਾਉਂਦੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੂਪਨਗਰ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਜਨ ਸੰਧਿਆ ਵਿੱਚ ਸ਼ਿਰਕਤ ਕੀਤੀ

ਇੱਥੋਂ ਦੇ ਸਰਕਾਰੀ ਕਾਲਜ ਦੇ ਮੈਦਾਨ ਵਿੱਚ ਉਸ ਵੇਲੇ ਸ਼ਰਧਾਲੂਆਂ ਦਾ ਵੱਡਾ ਇਕੱਠ ਹੋਇਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੇ ਵਿਸ਼ਾਲ ਭਜਨ ਸੰਧਿਆ ਵਿੱਚ ਸ਼ਾਮਲ ਹੋਏ। ਇਸ ਦੌਰਾਨ ਪੂਰੇ ਪੰਡਾਲ ਵਿੱਚ “ਹਰਿ ਹਰਿ ਮਹਾਦੇਵ” ਦੇ ਜੈਕਾਰੇ ਗੂੰਜ ਉੱਠੇ। ਮੁੱਖ ਮੰਤਰੀ ਨੇ ਵੀ ਸ਼ਰਧਾਲੂਆਂ ਨਾਲ ਮਿਲ ਕੇ ਜੈਕਾਰੇ ਲਾਏ, ਜਦੋਂ ਕਿ ਪ੍ਰਸਿੱਧ ਗਾਇਕ ਹੰਸਰਾਜ ਰਘੂਵੰਸ਼ੀ ਨੇ ਭਗਤੀ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਪਰੰਪਰਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਧਰਮਾਂ ਦੇ ਲੋਕ ਹਰ ਤਿਉਹਾਰ ਮਿਲ ਕੇ ਮਨਾਉਂਦੇ ਹਨ ਅਤੇ ਇਸ ਸੂਬੇ ਵਿੱਚ ਨਫ਼ਰਤ ਦਾ ਕੋਈ ਬੀਜ ਕਦੇ ਨਹੀਂ ਉੱਗ ਸਕਦਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ 40 ਲੱਖ ਨਵੀਆਂ ਰਜਿਸਟਰਡ ਔਰਤਾਂ ਨੂੰ ਇਕ ਅਗਸਤ ਤੋਂ ਵਿੱਤੀ ਸਹਾਇਤਾ ਮਿਲੇਗੀ। ਉਨ੍ਹਾਂ ਦੁਹਰਾਇਆ ਕਿ ਸਰਕਾਰ ਲੋਕ ਪੱਖੀ ਪਹਿਲਕਦਮੀਆਂ ਰਾਹੀਂ ਜਨਤਾ ਦਾ ਪੈਸਾ ਲੋਕਾਂ ਨੂੰ ਹੀ ਵਾਪਸ ਕਰ ਰਹੀ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਧਾਰਮਿਕ ਉਤਸ਼ਾਹ, ਖੁਸ਼ੀ ਅਤੇ ਭਗਤੀ ਨਾਲ ਭਰੇ ਇਸ ਰਾਜ ਪੱਧਰੀ ਸਮਾਗਮ ਵਿੱਚ ਹਿੱਸਾ ਲੈਣਾ ਮੇਰੇ ਲਈ ਬਹੁਤ ਗੌਰਵ ਅਤੇ ਸੰਤੁਸ਼ਟੀ ਦੀ ਗੱਲ ਹੈ। ਸੂਬਾ ਸਰਕਾਰ ਨੇ ਇਸ ਵੱਡੇ ਸਮਾਗਮ ਲਈ ਇਸ ਪਵਿੱਤਰ ਧਰਤੀ ਨੂੰ ਜਾਣਬੁੱਝ ਕੇ ਚੁਣਿਆ ਹੈ ਕਿਉਂਕਿ ਇਹ ਅਮੀਰ ਵਿਰਾਸਤ, ਸੱਭਿਆਚਾਰ ਅਤੇ ਅਧਿਆਤਮਿਕਤਾ ਦੀ ਧਰਤੀ ਹੈ। ਇੱਥੇ ਇਸ ਪਵਿੱਤਰ ਦਿਹਾੜੇ ਨੂੰ ਮਨਾਉਣਾ ਸਾਡੀਆਂ ਸੱਭਿਆਚਾਰਕ ਅਤੇ ਧਾਰਮਿਕ ਜੜ੍ਹਾਂ ਪ੍ਰਤੀ ਸਾਡੇ ਡੂੰਘੇ ਸਤਿਕਾਰ ਨੂੰ ਦਰਸਾਉਂਦਾ ਹੈ।”

ਆਪਣੀ ਸਰਕਾਰ ਦੀ ਸਮਾਜਿਕ ਸਦਭਾਵਨਾ ਪ੍ਰਤੀ ਵਚਨਬੱਧਤਾ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, “ਸਾਡੀ ਸਰਕਾਰ ਸੂਬੇ ਵਿੱਚ ਸ਼ਾਂਤੀ, ਧਾਰਮਿਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਅਸੀਂ ਮਹਾਨ ਗੁਰੂਆਂ, ਸੰਤਾਂ, ਮਹਾਤਮਾਵਾਂ ਅਤੇ ਪੈਗੰਬਰਾਂ ਦੁਆਰਾ ਦਿਖਾਏ ਸੱਚ ਦੇ ਮਾਰਗ ‘ਤੇ ਚੱਲ ਰਹੇ ਹਾਂ। ਸਾਡਾ ਧਿਆਨ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਅਤੇ ਹੁਨਰ ਰਾਹੀਂ ਸਮਰੱਥ ਬਣਾਉਣ ‘ਤੇ ਹੈ ਤਾਂ ਜੋ ਉਹ ਰੌਸ਼ਨ ਭਵਿੱਖ ਦਾ ਨਿਰਮਾਣ ਕਰ ਸਕਣ। ਪੰਜਾਬ ਦੀ ਉਪਜਾਊ ਧਰਤੀ ‘ਤੇ ਕੁੱਝ ਵੀ ਉੱਗ ਸਕਦਾ ਹੈ, ਪਰ ਨਫ਼ਰਤ ਦੇ ਬੀਜ ਇਸ ਪਵਿੱਤਰ ਧਰਤੀ ‘ਤੇ ਕਦੇ ਨਹੀਂ ਉੱਗ ਸਕਦੇ।”

ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਦੀ ਮਹਾਨ ਵਿਰਾਸਤ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਡੇ ਮਹਾਨ ਗੁਰੂਆਂ ਨੇ ਸਾਨੂੰ ਧਾਰਮਿਕ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਰਗ ਦਿਖਾਇਆ ਹੈ ਅਤੇ ਪੰਜਾਬੀ ਸਾਰੇ ਤਿਉਹਾਰ ਮਿਲ ਕੇ ਮਨਾਉਂਦੇ ਹਨ। ਭਗਵਾਨ ਸ਼ਿਵ ਦਇਆ ਅਤੇ ਕਰੁਣਾ ਦੇ ਭਗਵਾਨ ਹਨ, ਜੋ ਸ਼ਰਧਾਲੂਆਂ ਦੀ ਕਾਮ, ਕ੍ਰੋਧ, ਲੋਭ ਵਰਗੀਆਂ ਅਲਾਮਤਾਂ ਤੋਂ ਰਾਖੀ ਕਰਦੇ ਹਨ। ਭੋਲੇ ਬਾਬਾ ਆਪਣੇ ਭਗਤਾਂ ‘ਤੇ ਮਿਹਰ, ਬੁੱਧੀ ਅਤੇ ਵਰਦਾਨ ਦੀ ਬਖਸ਼ਿਸ਼ ਕਰਦੇ ਹਨ। ਅਜਿਹੇ ਸਮਾਗਮਾਂ ਨੂੰ ਪਰੰਪਰਾਗਤ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਆਪਸੀ ਭਾਈਚਾਰਕ ਸਾਂਝ, ਦਇਆ ਅਤੇ ਭਾਵਨਾ ਨੂੰ ਵਧਾਉਂਦੇ ਹਨ, ਨਾਲ ਹੀ ਖੁਸ਼ਹਾਲੀ ਲਿਆਉਂਦੇ ਹਨ।”

ਸਰਕਾਰ ਦੇ ਸਾਰੇ ਧਰਮਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸੂਬਾ ਸਰਕਾਰ ਨੇ ਹਰ ਧਰਮ ਨੂੰ ਬਰਾਬਰ ਸਤਿਕਾਰ ਦਿੱਤਾ ਹੈ। ਇੱਕ ਧਰਮ ਨਿਰਪੱਖ ਸਰਕਾਰ ਵਜੋਂ, ਅਸੀਂ ਅਜਿਹੇ ਸਮਾਗਮਾਂ ਨੂੰ ਵਿਸ਼ਾਲ ਪੱਧਰ ‘ਤੇ ਮਨਾਉਣ ਲਈ ਹਰ ਸੰਭਵ ਯਤਨ ਕੀਤੇ ਹਨ। ਅਸੀਂ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮ ਕਰਵਾਏ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਆਉਣ ਵਾਲੇ 650ਵੇਂ ਪ੍ਰਕਾਸ਼ ਪੁਰਬ ਨੂੰ ਵੀ ਵੱਡੇ ਪੱਧਰ ‘ਤੇ ਮਨਾਉਣ ਲਈ ਵਿਸ਼ੇਸ਼ ਤਿਆਰੀਆਂ ਕਰ ਰਹੇ ਹਾਂ।”

‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸੂਬਾ ਸਰਕਾਰ ਖੁਸ਼ਕਿਸਮਤ ਹੈ ਕਿ ਉਸ ਨੂੰ ਅਜਿਹੇ ਵਿਸ਼ਾਲ ਸਮਾਗਮਾਂ ਦਾ ਆਯੋਜਨ ਕਰਨ ਦਾ ਇਹ ਸੁਭਾਗ ਹਾਸਲ ਹੋਇਆ ਹੈ ਅਤੇ ਇਸ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਅਸੀਂ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਸਥਲ, ਸ੍ਰੀ ਅਨੰਦਪੁਰ ਸਾਹਿਬ, ਨੈਣਾ ਦੇਵੀ ਜੀ ਅਤੇ ਹੋਰ ਪਵਿੱਤਰ ਸਥਾਨਾਂ ਦੀ ਮੁਫ਼ਤ ਯਾਤਰਾ ਕਰਨ ਦੇ ਯੋਗ ਬਣਾਉਣ ਲਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਸ਼ੁਰੂ ਕੀਤੀ ਸੀ। ਇਸ ਸਕੀਮ ਦਾ ਹੁਣ ਵਿਸਥਾਰ ਕਰਕੇ ਹਰਿਦੁਆਰ, ਖਾਟੂ ਸ਼ਿਆਮ ਜੀ ਮਹਾਰਾਜ, ਸਾਲਾਸਰ ਬਾਲਾਜੀ ਅਤੇ ਹੋਰ ਪਵਿੱਤਰ ਸਥਾਨਾਂ ਦੀ ਮੁਫ਼ਤ ਯਾਤਰਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।”

ਆਪਸੀ ਏਕਤਾ ਦੀ ਅਪੀਲ ਕਰਦਿਆਂ ਉਨ੍ਹਾਂ ਅੱਗੇ ਕਿਹਾ, “ਇਹ ਸਕੀਮ ਸਾਰੀਆਂ ਜਾਤਾਂ, ਧਰਮਾਂ, ਆਮਦਨ ਵਰਗਾਂ ਅਤੇ ਖੇਤਰਾਂ ਦੇ ਲੋਕਾਂ ਲਈ ਖੁੱਲ੍ਹੀ ਹੈ ਅਤੇ ਸ਼ਰਧਾਲੂਆਂ ਨੂੰ ਇੱਕ ਵੀ ਰੁਪਿਆ ਖਰਚ ਨਹੀਂ ਕਰਨਾ ਪੈਂਦਾ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਾਤ, ਰੰਗ, ਨਸਲ ਅਤੇ ਧਰਮ ਦੇ ਸੰਕੀਰਨ ਵਖਰੇਵਿਆਂ ਤੋਂ ਉੱਪਰ ਉੱਠ ਕੇ ਅਜਿਹੇ ਸ਼ੁਭ ਦਿਹਾੜੇ ਮਿਲ ਕੇ ਮਨਾਉਣ।”

ਇੱਕਜੁੱਟ ਅਤੇ ਪ੍ਰਗਤੀਸ਼ੀਲ ਪੰਜਾਬ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਵੰਡਪਾਊ ਅਤੇ ਫਿਰਕੂ ਏਜੰਡਿਆਂ ਨੂੰ ਨਕਾਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ‘ਰੰਗਲਾ ਪੰਜਾਬ’ ਬਣਾ ਸਕੀਏ ਅਤੇ ਸੂਬੇ ਦੀ ਤਰੱਕੀ ਨੂੰ ਤੇਜ਼ ਕਰ ਸਕੀਏ। ਆਓ, ਅੱਜ ਅਸੀਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ, ਪੱਛੜੇ ਵਰਗਾਂ ਦਾ ਸਹਾਰਾ ਬਣਨ ਅਤੇ ਖੁਸ਼ਹਾਲ ਅਤੇ ਨਸ਼ਾ ਮੁਕਤ ਪੰਜਾਬ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਈਏ।”

ਸੂਬਾ ਪੱਧਰੀ ਸਮਾਗਮ ਵਿੱਚ ਬੇਮਿਸਾਲ ਇਕੱਠ ਦੇਖਣ ਨੂੰ ਮਿਲਿਆ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਸਮਾਜ ਦੇ ਹਰ ਵਰਗ ਦੇ ਲੋਕ ਇਕੱਠੇ ਹੋਏ। ਸੰਗਤਾਂ ਭਗਵਾਨ ਸ਼ਿਵ ਅਤੇ ਭਗਵਾਨ ਪਰਸ਼ੂਰਾਮ ਜੀ ਦੀ ਮਹਿਮਾ ਵਿੱਚ ਲੀਨ ਹੋ ਗਈਆਂ, ਜਦੋਂ ਕਿ ਪ੍ਰਸਿੱਧ ਗਾਇਕ ਹੰਸਰਾਜ ਰਘੂਵੰਸ਼ੀ ਨੇ ਭਗਤੀ ਅਤੇ ਧਾਰਮਿਕ ਉਤਸ਼ਾਹ ਨਾਲ ਭਰੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments