Thursday, September 10, 2026
Thursday, September 10, 2026
HomePolitics'ਆਪ' ਆਗੂਆਂ ਦੇ ਘਰਾਂ 'ਤੇ ਈਡੀ-ਸੀਬੀਆਈ ਦੀਆਂ ਰੇਡਾਂ ਕਰਵਾ ਕੇ ਅਮਿਤ ਸ਼ਾਹ...

‘ਆਪ’ ਆਗੂਆਂ ਦੇ ਘਰਾਂ ‘ਤੇ ਈਡੀ-ਸੀਬੀਆਈ ਦੀਆਂ ਰੇਡਾਂ ਕਰਵਾ ਕੇ ਅਮਿਤ ਸ਼ਾਹ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ: ਮੀਤ ਹੇਅਰ

ਭਾਜਪਾ ਦਾ ਵਾਸ਼ਿੰਗ ਮਸ਼ੀਨ ਮਾਡਲ ਪੰਜਾਬ ਵਿੱਚ ਕਦੇ ਵੀ ਸਫਲ ਨਹੀਂ ਹੋਵੇਗਾ: ਮੀਤ ਹੇਅਰ

ਭਾਜਪਾ ਨੇ ਆਪਣੇ ਪੁਰਾਣੇ ਵਰਕਰ ਪਿੱਛੇ ਧੱਕੇ, ਜਾਖੜ ਅਤੇ ਬਿੱਟੂ ਵਰਗੇ ਕਾਂਗਰਸੀ ਚਿਹਰਿਆਂ ਦੇ ਭਰੋਸੇ ਚੱਲ ਰਹੀ ਹੈ ਪਾਰਟੀ: ਮੀਤ ਹੇਅਰ

ਸਿਧਾਂਤਾਂ ਦੀ ਨਹੀਂ, ਕੁਰਸੀ ਦੀ ਰਾਜਨੀਤੀ ਕਰ ਰਹੇ ਹਨ ਜਾਖੜ ਅਤੇ ਬਿੱਟੂ, ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ: ਮੀਤ ਹੇਅਰ

ਭਾਜਪਾ ਦੀ ਗੁਲਾਮੀ ਕਰਨ ਦੀ ਬਜਾਏ ਸਾਨੂੰ ਜੇਲ੍ਹ ਜਾਣਾ ਮਨਜ਼ੂਰ, ਝੁਕਣਾ ਪੰਜਾਬ ਦੀ ਤਾਸੀਰ ਨਹੀਂ: ਮੀਤ ਹੇਅਰ

ਮੀਤ ਹੇਅਰ ਦਾ ਰਾਘਵ ਚੱਢਾ ‘ਤੇ ਹਮਲਾ, ਕਿਹਾ- ਜਿਸ ਆਮ ਨੌਜਵਾਨ ਨੂੰ ਕੇਜਰੀਵਾਲ ਨੇ ਰਾਸ਼ਟਰੀ ਪਛਾਣ ਦਿੱਤੀ, ਉਸੇ ਨੇ ਦਗਾਬਾਜ਼ੀ ਕੀਤੀ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਪਿਛਲੇ 12 ਸਾਲਾਂ ਤੋਂ ਭਾਜਪਾ ਪੂਰੇ ਦੇਸ਼ ਵਿੱਚ ਲੋਕਤੰਤਰ ਦਾ ਗਲਾ ਘੁੱਟਣ ਦਾ ਇੱਕੋ ਮਾਡਲ ਅਪਣਾ ਰਹੀ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਆਉਂਦੇ ਹੀ ਭਾਜਪਾ ਆਪਣੀ ਹਾਰ ਦੇ ਡਰੋਂ ਵਿਰੋਧੀ ਆਗੂਆਂ ਨੂੰ ਈਡੀ ਅਤੇ ਸੀਬੀਆਈ ਰਾਹੀਂ ਡਰਾਉਣਾ ਸ਼ੁਰੂ ਕਰ ਦਿੰਦੀ ਹੈ ਜਾਂ ਲਾਲਚ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲੈਂਦੀ ਹੈ। ਮੀਤ ਹੇਅਰ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੀ ਧਰਤੀ ਸਿਧਾਂਤਾਂ ਅਤੇ ਸੰਘਰਸ਼ ਦੀ ਧਰਤੀ ਹੈ, ਇੱਥੇ ਭਾਜਪਾ ਦਾ ਇਹ ‘ਵਾਸ਼ਿੰਗ ਮਸ਼ੀਨ’ ਮਾਡਲ ਕਦੇ ਸਫਲ ਨਹੀਂ ਹੋਵੇਗਾ।

ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਂਸਦ ਮੀਤ ਹੇਅਰ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਅਸਾਮ ਵਿੱਚ ਹੇਮੰਤ ਵਿਸ਼ਵਾ ਸ਼ਰਮਾ ‘ਤੇ ਕਾਂਗਰਸ ਵਿੱਚ ਰਹਿੰਦਿਆਂ ਸੀਬੀਆਈ ਦੀ ਛਾਪੇਮਾਰੀ ਹੋਈ, ਪਰ ਭਾਜਪਾ ਵਿੱਚ ਸ਼ਾਮਲ ਹੁੰਦੇ ਹੀ ਉਹ ਪਾਕ-ਸਾਫ਼ ਹੋ ਗਏ। ਮਹਾਰਾਸ਼ਟਰ ਵਿੱਚ ਅਜੀਤ ਪਵਾਰ ‘ਤੇ ਇੱਕੋ ਰਾਤ ਵਿੱਚ 70 ਮੁਕੱਦਮੇ ਦਰਜ ਕੀਤੇ ਗਏ ਅਤੇ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਭ੍ਰਿਸ਼ਟ ਆਗੂ ਦੱਸਿਆ, ਪਰ ਭਾਜਪਾ ਵਿੱਚ ਸ਼ਾਮਲ ਹੁੰਦੇ ਹੀ ਉਨ੍ਹਾਂ ਨੂੰ ਡਿਪਟੀ ਸੀਐਮ ਬਣਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਅੱਜ ਸੰਸਦ ਦੇ ਅੰਦਰ ਵੀ ਇਹੀ ਦ੍ਰਿਸ਼ ਹੈ। ਰਾਹੁਲ ਗਾਂਧੀ ਦੀ ਕਦੇ ਕੋਰ ਟੀਮ ਰਹੇ ਰਵਨੀਤ ਬਿੱਟੂ ਅਤੇ ਜਯੋਤੀਰਾਦਿੱਤਿਆ ਸਿੰਧੀਆ ਵਰਗੇ ਲੋਕ ਭਾਜਪਾ ਦੀਆਂ ਅਗਲੀਆਂ ਬੈਂਚਾਂ ‘ਤੇ ਬੈਠੇ ਹਨ, ਜਦਕਿ ਭਾਜਪਾ ਦੇ ਪੁਰਾਣੇ ਸਮਰਪਿਤ ਵਰਕਰ ਪਿੱਛੇ ਧੱਕ ਦਿੱਤੇ ਗਏ ਹਨ। ਪੰਜਾਬ ਭਾਜਪਾ ਦਾ ਹਾਲ ਤਾਂ ਇਹ ਹੈ ਕਿ ਉੱਥੇ ਭਾਜਪਾ ਦੀਆਂ ਮੀਟਿੰਗਾਂ ਵਿੱਚ ਪੁਰਾਣੇ ਭਾਜਪਾਈ ਘੱਟ ਅਤੇ ਕਾਂਗਰਸੀ ਚਿਹਰੇ ਜਿਵੇਂ ਸੁਨੀਲ ਜਾਖੜ ਅਤੇ ਰਾਣਾ ਸੋਢੀ ਜ਼ਿਆਦਾ ਨਜ਼ਰ ਆਉਂਦੇ ਹਨ।

ਮੀਤ ਹੇਅਰ ਨੇ ਰਾਘਵ ਚੱਢਾ ਦੇ ਵਿਵਹਾਰ ‘ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਇੱਕ ਆਮ ਨੌਜਵਾਨ ਨੂੰ ਰਾਸ਼ਟਰੀ ਪਛਾਣ ਦਿੱਤੀ, ਉਸੇ ਪਾਰਟੀ ਦੇ ਸਭ ਤੋਂ ਮੁਸ਼ਕਲ ਸਮੇਂ ਵਿੱਚ ਰਾਘਵ ਚੱਢਾ ਦਾ ਸਾਥ ਛੱਡ ਦੇਣਾ ਨੈਤਿਕਤਾ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਜੀ, ਮਨੀਸ਼ ਸਿਸੋਦੀਆ ਜੀ ਅਤੇ ਸੰਜੇ ਸਿੰਘ ਜੇਲ੍ਹ ਵਿੱਚ ਸਨ ਅਤੇ ਵਰਕਰ ਸੜਕਾਂ ‘ਤੇ ਲਾਠੀਆਂ ਖਾ ਰਹੇ ਸਨ, ਉਦੋਂ ਰਾਘਵ ਚੱਢਾ ਵਿਦੇਸ਼ ਚਲੇ ਗਏ। ਇਸ ਨਾਲ ਇਹ ਸ਼ੰਕਾ ਪੈਦਾ ਹੁੰਦੀ ਹੈ ਕਿ ਉਨ੍ਹਾਂ ਦੀ ਭਾਜਪਾ ਅਤੇ ਅਮਿਤ ਸ਼ਾਹ ਨਾਲ ਕੋਈ ਮਿਲੀਭੁਗਤ ਹੋਈ ਸੀ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਵਿੱਚੋਂ ਬਾਹਰ ਆਏ ਅਤੇ ਉਨ੍ਹਾਂ ਨੂੰ ਅਦਾਲਤ ਨੇ ਰਾਹਤ ਦਿੱਤੀ, ਉਦੋਂ ਵੀ ਰਾਘਵ ਚੱਢਾ ਨੇ ਇੱਕ ਟਵੀਟ ਤੱਕ ਨਹੀਂ ਕੀਤਾ, ਜਿਸ ਤੋਂ ਸਪੱਸ਼ਟ ਹੈ ਕਿ ਉਹ ਹੁਣ ਭਾਜਪਾ ਦੇ ਇਸ਼ਾਰੇ ‘ਤੇ ਚੱਲ ਰਹੇ ਹਨ।

ਪੰਜਾਬ ਵਿੱਚ ਹਾਲ ਹੀ ਵਿੱਚ ‘ਆਪ’ ਆਗੂਆਂ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਮੰਤਰੀ ਸੰਜੀਵ ਅਰੋੜਾ ਦੇ ਘਰ ‘ਤੇ ਹੋਈ ਛਾਪੇਮਾਰੀ ਨੂੰ ਉਨ੍ਹਾਂ ਨੇ ਇਸੇ ਕੜੀ ਦਾ ਹਿੱਸਾ ਦੱਸਿਆ। ਮੀਤ ਹੇਅਰ ਨੇ ਕਿਹਾ ਕਿ ਅਮਿਤ ਸ਼ਾਹ ਲਗਾਤਾਰ ‘ਆਪ’ ਆਗੂਆਂ ਨੂੰ ਡਰਾ ਕੇ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਭੁੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਸਿਧਾਂਤਾਂ ਦੇ ਪੱਕੇ ਹਨ। ਦਿੱਲੀ ਵਿੱਚ ਵੀ ਇਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਸਾਡੇ ਆਗੂ ਝੁਕੇ ਨਹੀਂ। ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਕਈ ਆਫਰ ਦਿੱਤੇ ਗਏ, ਪਰ ਉਨ੍ਹਾਂ ਨੇ ਜੇਲ੍ਹ ਜਾਣਾ ਮਨਜ਼ੂਰ ਕੀਤਾ ਪਰ ਭਾਜਪਾ ਅੱਗੇ ਗੋਡੇ ਨਹੀਂ ਟੇਕੇ।

ਸਾਂਸਦ ਨੇ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਪੰਜਾਬ ਦੇ ਇਤਿਹਾਸ ਅਤੇ ਸਿੱਖਾਂ ਦੇ ਸਿਧਾਂਤਾਂ ਨੂੰ ਜਾਣਦੇ ਹਨ। ਪੰਜਾਬ ਉਹ ਕੌਮ ਹੈ ਜੋ ਸੁੱਕੇ ਪੱਤੇ ਖਾ ਕੇ ਵੀ ਜੰਗ ਲੜਨਾ ਜਾਣਦੀ ਹੈ, ਪਰ ਝੁਕਣਾ ਨਹੀਂ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਜਪਾ ਜਿੰਨਾ ਡਰਾਏਗੀ, ਪੰਜਾਬ ਵਿੱਚ ਉਸ ਦਾ ਉਨਾ ਹੀ ਜ਼ਿਆਦਾ ਨੁਕਸਾਨ ਹੋਵੇਗਾ। 90% ਕੁਰਬਾਨੀਆਂ ਦੇਣ ਵਾਲੇ ਪੰਜਾਬੀ ਜੇਲ੍ਹਾਂ ਅਤੇ ਮੁਕੱਦਮਿਆਂ ਤੋਂ ਨਹੀਂ ਡਰਦੇ। ਭਾਜਪਾ ਦਾ ਇਹ ਏਜੰਡਾ ਹੋਰਨਾਂ ਰਾਜਾਂ ਵਿੱਚ ਚੱਲ ਸਕਦਾ ਹੈ, ਪਰ ਪੰਜਾਬ ਦੀ ਤਾਸੀਰ ਵੱਖਰੀ ਹੈ। ਜਾਖੜ ਅਤੇ ਬਿੱਟੂ ਸ਼ਾਇਦ ਕੁਰਸੀ ਦੇ ਲਾਲਚ ਜਾਂ ਡਰ ਕਾਰਨ ਚੁੱਪ ਹਨ, ਪਰ ਆਉਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਇਸ ਦਮਨਕਾਰੀ ਰਾਜਨੀਤੀ ਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments