Monday, July 27, 2026
Monday, July 27, 2026
HomeWeatherਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪ...

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਉੱਨਤ ਡੀਸਿਲਟਿੰਗ ਮਸ਼ੀਨਾਂ, ਪੰਜਾਬ ਭਰ ਵਿੱਚ ਹੜ੍ਹਾਂ ਦੀ ਰੋਕਥਾਮ, ਜਾਨ-ਮਾਲ ਅਤੇ ਫ਼ਸਲਾਂ ਦੀ ਰਾਖੀ ਲਈ ਵਧੇਰੇ ਲਾਹੇਵੰਦ ਸਿੱਧ ਹੋਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹਾਂ ਸੁਰੱਖਿਆਂ ਪ੍ਰਬੰਧਾਂ ਦੀ ਸਮੀਖਿਆ, ਸੰਵੇਦਨਸ਼ੀਲ ਖੇਤਰਾਂ ਵਿੱਚ ਨੁਕਸਾਨ ਤੋਂ ਬਚਣ ਲਈ ਢੁਕਵੇਂ ਉਪਾਅ ਕਰਨ ‘ਤੇ ਜ਼ੋਰ

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੇ ਖ਼ਤਰੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਡਰੇਨਾਂ ਦੀ ਸਫ਼ਾਈ, ਡੀਸਿਲਟਿੰਗ ਅਤੇ ਨਹਿਰਾਂ ਦੀ ਮਜ਼ਬੂਤੀ ਸਬੰਧੀ ਕਾਰਜ ਜੰਗੀ ਪੱਧਰ ‘ਤੇ ਜਾਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰੋਪੜ ਦੇ ਹੜ੍ਹਾਂ ਪ੍ਰਤੀ ਜੋਖ਼ਮ ਵਾਲੇ ਪਿੰਡਾਂ ਵਿੱਚ ਰੋਕਥਾਮ ਕਾਰਜ ਤੇਜ਼ੀ ਨਾਲ ਜਾਰੀ, ਸਰਕਾਰ ਵੱਲੋਂ ਸਵਾਂ ਨਦੀ ਚੈਨਲਾਈਜ਼ੇਸ਼ਨ ਦੀ ਪੜਚੋਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੜ੍ਹ ਸੁਰੱਖਿਆਂ ਪ੍ਰਬੰਧਾਂ ਸਮੀਖਿਆ ਕਰਦਿਆਂ ਪੰਜਾਬ ਦੇ ਹੜ੍ਹ ਰੋਕਥਾਮ ਅਤੇ ਰਾਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉੱਨਤ ਐਂਫੀਬੀਅਸ ਮਸ਼ੀਨਾਂ (ਪਾਣੀ ਵਿੱਚ ਅਤੇ ਧਰਤੀ ‘ਤੇ ਚੱਲਣ ਵਾਲੀਆਂ ਮਸ਼ੀਨਾਂ) ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਾਨਸੂਨ ਸੀਜ਼ਨ ਤੋਂ ਪਹਿਲਾਂ ਹੜ੍ਹਾਂ ਜਾਂ ਭਾਰੀ ਮੀਂਹ ਕਰਕੇ ਹੁੰਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਅਤੇ ਜਾਨ-ਮਾਲ ਦੀ ਰਾਖੀ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।

ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹ ਰਾਹਤ ਕਾਰਜਾਂ ਨੂੰ ਸੁਚਾਰੂ ਅਤੇ ਮੁਸ਼ਕਲ ਰਹਿਤ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਨਹਿਰਾਂ ਅਤੇ ਨਾਲਿਆਂ (ਡਰੇਨਾਂ) ਦੀ ਸਫਾਈ ਵਾਸਤੇ ਐਂਫੀਬੀਅਸ ਮਸ਼ੀਨਾਂ ਖਰੀਦਣ ਦੀ ਸਹਿਮਤੀ ਦਿੱਤੀ ਗਈ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮਸ਼ੀਨਾਂ ਵਗਦੇ ਪਾਣੀ ਵਿੱਚ ਵੀ ਕੰਮ ਕਰਨ ਅਤੇ ਡੂੰਘਾਈ ਨਾਲ ਸਫ਼ਾਈ ਦੇ ਸਮਰੱਥ ਹਨ, ਜੋ ਇਨ੍ਹਾਂ ਮਸ਼ੀਨਾਂ ਨੂੰ ਰੋਕਥਾਮ ਉਪਾਵਾਂ ਅਤੇ ਐਮਰਜੈਂਸੀ ਕਾਰਵਾਈ ਲਈ ਮਹੱਤਵਪੂਰਨ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁ-ਮੰਤਵੀ ਮਸ਼ੀਨਾਂ ਡੂੰਘਾਈ ਨਾਲ ਸਫ਼ਾਈ ਕਰ ਸਕਦੀਆਂ ਹਨ ਜਿਸ ਲਈ ਸੰਭਾਵਿਤ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਹੜ੍ਹ ਰਾਹਤ ਕਾਰਜਾਂ ਵਾਸਤੇ ਸਾਡੇ ਕੋਲ ਇਹ ਮਸ਼ੀਨਾਂ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਵਿਭਾਗ ਨੂੰ ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਵਿਸਤ੍ਰਿਤ ਰੂਪਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।

ਆਲਮੀ ਪੱਧਰ ‘ਤੇ ਬਿਹਤਰ ਅਭਿਆਸਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਹਾਲ ਹੀ ਵਿੱਚ ਫਿਨਲੈਂਡ ਦੀ ਆਪਣੀ ਫੇਰੀ ਦੌਰਾਨ ਇਸ ਮਸ਼ੀਨ ਨੂੰ ਕੰਮ ਕਰਦੇ ਦੇਖਿਆ ਸੀ, ਜਿੱਥੇ ਇਨ੍ਹਾਂ ਬਹੁ-ਮੰਤਵੀ ਮਸ਼ੀਨਾਂ ਦੀ ਪੂਰੇ ਢੁਕਵੇਂ ਤਰੀਕੇ ਨਾਲ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਹੜ੍ਹ ਸੁਰੱਖਿਆ ਕਾਰਜਾਂ ਦੇ ਨਾਲ-ਨਾਲ ਨਹਿਰਾਂ, ਨਾਲਿਆਂ, ਛੱਪੜਾਂ ਅਤੇ ਹੋਰ ਜਲ ਸਰੋਤਾਂ ਦੀ ਦੇਖਭਾਲ ਅਤੇ ਸਫ਼ਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਨ੍ਹਾਂ ਮਸ਼ੀਨਾਂ ਦੀ ਖ਼ਰੀਦ ਨਾਲ ਹੜ੍ਹਾਂ ਦੇ ਕਹਿਰ ਕਾਰਨ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਘਟਾਉਣ ਵਿੱਚ ਵਧੇਰੇ ਮਦਦਗਾਰ ਸਾਬਤ ਹੋਵੇਗੀ।

ਪਾਣੀ ਦੇ ਪ੍ਰਬੰਧਨ ਸਬੰਧੀ ਚਿੰਤਾਵਾਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਖੜਾ ਡੈਮ ਵਿੱਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਹੈ ਅਤੇ 26 ਅਪ੍ਰੈਲ ਨੂੰ ਇਹ 1594 ਫੁੱਟ ਦਰਜ ਕੀਤਾ ਗਿਆ ਸੀ।”

ਉਨ੍ਹਾਂ ਕਿਹਾ ਕਿ 1 ਜੂਨ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਦੇ ਮੱਦੇਨਜ਼ਰ ਅਗਾਮੀ ਮਾਨਸੂਨ ਨੂੰ ਧਿਆਨ ਵਿੱਚ ਰੱਖਦਿਆਂ ਸੁਚੱਜੇ ਢੰਗ ਨਾਲ ਪਾਣੀ ਛੱਡਣ ਦੀ ਯੋਜਨਾ ਉਲੀਕੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਸੂਬੇ ਵਿੱਚ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਜਾ ਰਹੀ ਹੈ, ਇਸ ਲਈ ਅਗਾਮੀ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਭਾਖੜਾ ਡੈਮ ਤੋਂ ਵੱਧ ਤੋਂ ਵੱਧ ਪਾਣੀ ਛੱਡਿਆ ਜਾਣਾ ਚਾਹੀਦਾ ਹੈ।” ਉਨ੍ਹਾਂ ਕਿਹਾ, “ਸੂਬੇ ਵਿੱਚ ਨਵੇਂ ਖਾਲਿਆਂ ਦੇ ਨਿਰਮਾਣ ਅਤੇ ਪੁਰਾਣਿਆਂ ਖਾਲਿਆਂ ਨੂੰ ਬਹਾਲ ਕਰਨ ਦਾ ਕੰਮ 31 ਮਈ ਤੱਕ ਮੁਕੰਮਲ ਹੋ ਜਾਵੇਗਾ ਜਿਸ ਤੋਂ ਬਾਅਦ ਸਿੰਚਾਈ ਦੇ ਉਦੇਸ਼ਾਂ ਲਈ ਹੋਰ 5000 ਕਿਊਸਿਕ ਪਾਣੀ ਦੀ ਲੋੜ ਹੋਵੇਗੀ।”

ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲ ਸਰੋਤ ਵਿਭਾਗ ਦੇ ਯਤਨਾਂ ‘ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕਿਹਾ, “ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਹੜ੍ਹਾਂ ਨੂੰ ਰੋਕਣ ਲਈ ਸੂਬੇ ਭਰ ਵਿੱਚ ਵਿਆਪਕ ਕੰਮ ਕੀਤੇ ਜਾ ਰਹੇ ਹਨ।” ਉਨ੍ਹਾਂ ਕਿਹਾ ਕਿ ਖਾਲਿਆਂ ਦੀ ਸਫਾਈ ਜੰਗੀ ਪੱਧਰ ‘ਤੇ ਚੱਲ ਰਹੀ ਹੈ ਅਤੇ ਜਲਦ ਹੀ ਮੁਕੰਮਲ ਹੋ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੰਭਾਵੀ ਹੜ੍ਹਾਂ ਨੂੰ ਰੋਕਣ ਲਈ ਹੜ੍ਹ ਪ੍ਰਭਾਵਿਤ ਪ੍ਰਮੁੱਖ ਥਾਵਾਂ ‘ਤੇ ਗਾਰ ਕੱਢਣ ਦਾ ਕੰਮ ਪਹਿਲਾਂ ਹੀ ਮੁਕੰਮਲ ਕੀਤਾ ਜਾ ਚੁੱਕਾ ਹੈ।

ਸੰਵੇਦਨਸ਼ੀਲ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ” ਸੂਬਾ ਸਰਕਾਰ ਵੱਲੋਂ ਰੋਪੜ ਜ਼ਿਲ੍ਹੇ ਵਿੱਚ ਜਿੱਥੇ ਲਗਭਗ 20 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਜਿੱਥੇ ਪਿਛਲੇ ਸਾਲ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ, ਵਿਆਪਕ ਰੋਕਥਾਮ ਕਦਮ ਚੁੱਕੇ ਗਏ ਹਨ।” ਉਨ੍ਹਾਂ ਕਿਹਾ ਕਿ ਹੜ੍ਹਾਂ ਨੂੰ ਕੰਟਰੋਲ ਕਰਨ ਅਤੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਲੋੜ ਅਨੁਸਾਰ ਸਟੱਡ ਅਤੇ ਸਪਰ ਢਾਂਚੇ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਿੰਚਾਈ ਅਤੇ ਸੈਰ-ਸਪਾਟੇ ਦੋਵਾਂ ਉਦੇਸ਼ਾਂ ਲਈ ਸਵਾਂ ਨਦੀ ਦੇ ਚੈਨਲਾਈਜ਼ੇਸ਼ਨ ਦੀ ਸੰਭਾਵਨਾ ਦੀ ਪੜਚੋਲ ਕਰਨ ਦੇ ਵੀ ਨਿਰਦੇਸ਼ ਦਿੱਤੇ।

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਬਰਿੰਦਰ ਕੁਮਾਰ ਗੋਇਲ, ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments