Thursday, July 30, 2026
Thursday, July 30, 2026
HomeGeneralਚਿੱਟਾ ਅਤੇ ਗੈਂਗਸਟਰਵਾਦ ਅਕਾਲੀ ਦਲ ਦੀ ਹੀ ਦੇਣ, ਸੁਖਬੀਰ ਬਾਦਲ ਦਾ ਬਿਆਨ...

ਚਿੱਟਾ ਅਤੇ ਗੈਂਗਸਟਰਵਾਦ ਅਕਾਲੀ ਦਲ ਦੀ ਹੀ ਦੇਣ, ਸੁਖਬੀਰ ਬਾਦਲ ਦਾ ਬਿਆਨ ਪੰਜਾਬੀਆਂ ਨਾਲ ਕੋਝਾ ਮਜ਼ਾਕ: ਬਲਤੇਜ ਪੰਨੂ

ਬਲਤੇਜ ਪੰਨੂ ਦਾ ਸੁਖਬੀਰ ਬਾਦਲ ਨੂੰ ਸਵਾਲ: ਉਹ ਦੱਸਣ, 2007 ਤੋਂ 17 ਤੱਕ ਚਿੱਟਾ ਸਮਗਲਰਾਂ ਨੂੰ ਸਰਕਾਰੀ ਗੱਡੀਆਂ ਅਤੇ ਪੁਲਿਸ ਸਰਪ੍ਰਸਤੀ ਕਿਸ ਨੇ ਦਿੱਤੀ?

ਸੁਖਬੀਰ ਬਾਦਲ ਅਗਲੀ ਰੈਲੀ ਵਿੱਚ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ 10 ਸਾਲਾਂ ਦੇ ਰਾਜ ਵਿੱਚ ਉਨ੍ਹਾਂ ਨੇ ਕੀ ਕੀਤਾ? ਪੰਜਾਬ ਵਿੱਚ ਚਿੱਟਾ ਕਿਵੇਂ ਆਇਆ, ਸਕੂਟਰ ਠੀਕ ਕਰਨ ਵਾਲੇ ਅਰਬਪਤੀ ਕਿਵੇਂ ਬਣੇ?:ਬਲਤੇਜ ਪੰਨੂ

ਕੋਟਕਪੂਰਾ ਗੋਲੀਕਾਂਡ ਦੇ ਮੁਲਜ਼ਮ ਅਤੇ ਬੇਅਦਬੀ ਦੇ ਗੁਨਾਹਗਾਰ ਕਿਸ ਮੂੰਹ ਨਾਲ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹਨ: ਬਲਤੇਜ ਪੰਨੂ

ਮਾਨ ਸਰਕਾਰ ਇਮਾਨਦਾਰੀ ਨਾਲ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਜੰਗ ਲੜ ਰਹੀ ਹੈ, ਸੁਖਬੀਰ ਬਾਦਲ ਨੂੰ ਮੁੜ ਸੱਤਾ ਦੀ ਭੁੱਖ ਸਤਾ ਰਹੀ ਹੈ ਤਾਂ ਜੋ ਉਹ ਦੁਬਾਰਾ ਨਸ਼ੇ ਦਾ ਸਾਮਰਾਜ ਖੜ੍ਹਾ ਕਰ ਸਕਣ: ਬਲਤੇਜ ਪੰਨੂ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ‘ਤੇ ਤਿੱਖਾ ਹਮਲਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਪਹਿਲੀ ਮੀਟਿੰਗ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ‘ਅੱਤਵਾਦੀ’ ਐਲਾਨਿਆ ਜਾਵੇਗਾ।

ਬੁੱਧਵਾਰ ਨੂੰ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਸ਼ਾਇਦ ਇਸ ਭੁਲੇਖੇ ਵਿੱਚ ਹਨ ਕਿ ਪੰਜਾਬ ਦੇ ਲੋਕ 2007 ਤੋਂ 2017 ਦੇ ਕਾਲੇ ਦੌਰ ਨੂੰ ਭੁੱਲ ਗਏ ਹਨ। ਸੱਚਾਈ ਇਹ ਹੈ ਕਿ ਪੰਜਾਬ ਦੀ ਧਰਤੀ ‘ਤੇ ਨਸ਼ਿਆਂ (ਚਿੱਟੇ) ਅਤੇ ਗੈਂਗਸਟਰਵਾਦ ਦੇ ਬੀਜ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਬੀਜੇ ਗਏ ਸਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਇਹ ਵਧੇ-ਫੁੱਲੇ।

ਬਲਤੇਜ ਪੰਨੂ ਨੇ ਪੁਰਾਣੀਆਂ ਘਟਨਾਵਾਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ 2007 ਤੋਂ ਪਹਿਲਾਂ ਪੰਜਾਬ ਨੇ ਕਦੇ ‘ਗੈਂਗਸਟਰ’ ਸ਼ਬਦ ਨਹੀਂ ਸੁਣਿਆ ਸੀ। ਸੁਖਬੀਰ ਬਾਦਲ ਦੇ ਰਾਜ ਵਿੱਚ ਹੀ ਅਪਰਾਧੀਆਂ ਨੂੰ ਸਿਆਸੀ ਸਰਪ੍ਰਸਤੀ ਮਿਲੀ। ਅੰਮ੍ਰਿਤਸਰ ਵਿੱਚ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਹੋਏ ਜਦੋਂ ਇੱਕ ਏ.ਐਸ.ਆਈ ਦਾ ਕਤਲ ਕੀਤਾ ਗਿਆ, ਤਾਂ ਅਕਾਲੀ ਦਲ ਨਾਲ ਸਬੰਧਤ ਲੋਕਾਂ ਨੇ ਸ਼ਰੇਆਮ ਭੰਗੜਾ ਪਾਇਆ ਸੀ। ਪੰਨੂ ਨੇ ਸਵਾਲ ਕੀਤਾ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਕਿਸ ਦੇ ਸਮੇਂ ਹੋਇਆ? ਫਰੀਦਕੋਟ ਵਿੱਚ ਸ਼ਰੇਆਮ ਨਾਬਾਲਗ ਲੜਕੀ ਨੂੰ ਅਗਵਾ ਕਿਸ ਨੇ ਕੀਤਾ? ਇਹ ਸਭ ਅਕਾਲੀ ਦਲ ਦੇ ਗੁੰਡਾਰਾਜ ਦੀਆਂ ਨਿਸ਼ਾਨੀਆਂ ਹਨ। ਜਿਹੜੇ ਅਪਰਾਧੀ ਉਸ ਸਮੇਂ ਮਹਿੰਗੀਆਂ ਗੱਡੀਆਂ ‘ਤੇ ਹੂਟਰ ਅਤੇ ਸਪੀਕਰ ਲਗਾ ਕੇ ਬੇਖੌਫ਼ ਘੁੰਮਦੇ ਸਨ, ਉਹੀ ਅੱਗੇ ਚੱਲ ਕੇ ਗੈਂਗਸਟਰ ਬਣੇ।

ਪੰਨੂ ਨੇ ਕਿਹਾ ਕਿ 2007 ਤੋਂ 2012 ਦੇ ਵਿਚਕਾਰ ਪੰਜਾਬ ਵਿੱਚ ਨਸ਼ਿਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਅਤੇ 2012 ਵਿੱਚ ਸਰਕਾਰ ਰਿਪੀਟ ਹੋਣ ਤੋਂ ਬਾਅਦ ਚਿੱਟਾ ਆਪਣੇ ਸਿਖਰ ‘ਤੇ ਪਹੁੰਚ ਗਿਆ। ਪੰਜਾਬ ਦੀ ਇੱਕ ਪੂਰੀ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਦਾ ਪਾਪ ਸੁਖਬੀਰ ਬਾਦਲ ਦੇ ਸਿਰ ਹੈ। ਜਦੋਂ ਪੁਲਿਸ ਚਿੱਟਾ ਤਸਕਰਾਂ ਨੂੰ ਫੜਦੀ ਸੀ, ਤਾਂ ਅੱਧੇ ਘੰਟੇ ਦੇ ਅੰਦਰ ਹੀ ਅਕਾਲੀ ਆਗੂਆਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਸਨ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਮੰਤਰੀਆਂ ਦੀਆਂ ਸਿਫ਼ਾਰਸ਼ਾਂ ਪਹੁੰਚ ਜਾਂਦੀਆਂ ਸਨ। ਅੱਜ ਉਹੀ ਸੁਖਬੀਰ ਬਾਦਲ ਪਹਿਲੀ ਮੀਟਿੰਗ ਵਿੱਚ ਕਾਰਵਾਈ ਦੀ ਗੱਲ ਕਰ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਹਾਸੋਹੀਣਾ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅੱਜ ਇਮਾਨਦਾਰੀ ਨਾਲ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਜੰਗ ਲੜ ਰਹੀ ਹੈ। ਅਸੀਂ ਪਿੰਡ ਪੱਧਰ ਤੱਕ ਕਮੇਟੀਆਂ ਦਾ ਗਠਨ ਕੀਤਾ ਹੈ ਅਤੇ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਅੱਜ ਜਦੋਂ ਮਾਨ ਸਰਕਾਰ ਇਨ੍ਹਾਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰ ਰਹੀ ਹੈ, ਤਾਂ ਸੁਖਬੀਰ ਬਾਦਲ ਨੂੰ ਮੁੜ ਸੱਤਾ ਦੀ ਭੁੱਖ ਸਤਾ ਰਹੀ ਹੈ ਤਾਂ ਜੋ ਉਹ ਦੁਬਾਰਾ ਉਹੀ ਪੁਰਾਣਾ ਨਸ਼ੇ ਦਾ ਸਾਮਰਾਜ ਖੜ੍ਹਾ ਕਰ ਸਕਣ।

ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ ਕਰਦਿਆਂ ਪੰਨੂ ਨੇ ਕਿਹਾ ਕਿ ਪੰਜਾਬ ਦੇ ਲੋਕ ਕਦੇ ਨਹੀਂ ਭੁੱਲ ਸਕਦੇ ਕਿ ਤੁਹਾਡੇ ਰਾਜ ਵਿੱਚ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਜਦੋਂ ਲੋਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ, ਤਾਂ ਉਨ੍ਹਾਂ ‘ਤੇ ਗੋਲੀਆਂ ਕਿਸ ਨੇ ਚਲਵਾਈਆਂ? ਕੋਟਕਪੂਰਾ ਗੋਲੀਕਾਂਡ ਵਿੱਚ ਅੱਜ ਸੁਖਬੀਰ ਬਾਦਲ ਖ਼ੁਦ ਜ਼ਮਾਨਤ ‘ਤੇ ਬਾਹਰ ਹਨ। ਇੰਨਾ ਹੀ ਨਹੀਂ, ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਅਤੇ ਖ਼ੁਦ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਅਕਾਲੀ ਪਰਿਵਾਰ ‘ਤੇ ਸਵਾਲ ਉਠਾ ਰਹੇ ਹਨ, ਪਰ ਸੁਖਬੀਰ ਬਾਦਲ ਨੇ ਇਸ ‘ਤੇ ਗਹਿਰੀ ਚੁੱਪ ਧਾਰੀ ਹੋਈ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਅਗਲੀ ਰੈਲੀ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਕਿ 10 ਸਾਲਾਂ ਦੇ ਰਾਜ ਵਿੱਚ ਉਨ੍ਹਾਂ ਨੇ ਕੀ ਕੀਤਾ? 2007 ਤੋਂ 17 ਦੇ ਵਿਚਕਾਰ ਚਿੱਟਾ ਕਿਵੇਂ ਆਇਆ ਅਤੇ ਸਕੂਟਰ ਠੀਕ ਕਰਨ ਵਾਲੇ ਲੋਕ ਅਰਬਾਂ ਦੇ ਮਾਲਕ ਕਿਵੇਂ ਬਣ ਗਏ? ਪੰਜਾਬ ਦੇ ਲੋਕਾਂ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਨਹੀਂ ਹੈ ਕਿ ਉਹ ਆਪਣਿਆਂ ਦੇ ਖ਼ੂਨ ਅਤੇ ਬਰਬਾਦ ਹੋਏ ਨੌਜਵਾਨਾਂ ਨੂੰ ਭੁੱਲ ਜਾਣ। ਪਨੂੰ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਮੁਗੇਰੀ ਲਾਲ ਦੇ ਹਸੀਨ ਸੁਪਨੇ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਪੰਜਾਬ ਹੁਣ ਤੁਹਾਡੀ ਅਸਲੀਅਤ ਪਛਾਣ ਚੁੱਕਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments