Sunday, July 26, 2026
Sunday, July 26, 2026
HomeHealthਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2,300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ₹6.5...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2,300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ₹6.5 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਗਿਆ

ਪੰਜਾਬ ਦੀ ਕੰਮਕਾਜੀ ਉਮਰ ਵਰਗ ਦੀ ਆਬਾਦੀ ’ਤੇ ਵਧ ਰਿਹਾ ਹੈ ਡਾਇਬੀਟੀਜ਼ ਦਾ ਬੋਝ, ਮੁੱਖ ਮੰਤਰੀ ਸਿਹਤ ਯੋਜਨਾ ਦੇ ਅੰਕੜਿਆਂ ਤੋਂ ਖੁਲਾਸਾ

ਡਾਇਬੀਟੀਜ਼ ਹੁਣ ਸਿਰਫ਼ ਬਜ਼ੁਰਗਾਂ ਦੀ ਬੀਮਾਰੀ ਨਹੀਂ; ਮੁੱਖ ਮੰਤਰੀ ਸਿਹਤ ਯੋਜਨਾ ਦੇ ਅੰਕੜਿਆਂ ਨੇ 36 ਤੋਂ 60 ਸਾਲ ਉਮਰ ਵਰਗ ਦੇ ਲੋਕਾਂ ਵਿੱਚ ਵਧ ਰਹੇ ਮਾਮਲਿਆਂ ਨੂੰ ਲੈ ਕੇ ਦਿੱਤੀ ਚੇਤਾਵਨੀ

ਡਾਇਬੀਟੀਜ਼ ਦੀਆਂ ਪੇਚੀਦਗੀਆਂ ਦਾ ਇਲਾਜ ਕਰਵਾਉਣ ਨਾਲੋਂ ਇਸ ਦੀ ਰੋਕਥਾਮ ਕਿਤੇ ਵੱਧ ਆਸਾਨ ਹੈ; ਪੇਚੀਦਗੀਆਂ ਹੋਣ ਦਾ ਇੰਤਜ਼ਾਰ ਨਾ ਕਰੋ: ਡਾ. ਬਲਬੀਰ ਸਿੰਘ

ਡਾਇਬੀਟੀਜ਼ ਸ਼ਾਇਦ ਹੀ ਕਦੇ ਕਿਸੇ ਡਾਕਟਰੀ ਐਮਰਜੈਂਸੀ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ। ਆਮ ਤੌਰ ’ਤੇ ਇਸ ਦੀ ਸ਼ੁਰੂਆਤ ਬਿਨਾਂ ਕਿਸੇ ਸਪੱਸ਼ਟ ਚੇਤਾਵਨੀ ਦੇ ਹੁੰਦੀ ਹੈ—ਵਾਰ-ਵਾਰ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਣਾ, ਧੁੰਦਲਾ ਦਿਖਾਈ ਦੇਣਾ, ਬਿਨਾਂ ਕਿਸੇ ਕਾਰਨ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ, ਪੈਰਾਂ ਵਿੱਚ ਸੁੰਨਪਣ ਜਾਂ ਅਜਿਹਾ ਜ਼ਖ਼ਮ ਜੋ ਲੰਬੇ ਸਮੇਂ ਤੱਕ ਠੀਕ ਨਾ ਹੋਵੇ। ਇਨ੍ਹਾਂ ਸ਼ੁਰੂਆਤੀ ਲੱਛਣਾਂ ਨੂੰ ਅਕਸਰ ਉਦੋਂ ਤੱਕ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜਦੋਂ ਤੱਕ ਹਾਲਤ ਇੰਨੀ ਗੰਭੀਰ ਨਾ ਹੋ ਜਾਵੇ ਕਿ ਹਸਪਤਾਲ ਵਿੱਚ ਦਾਖ਼ਲ ਹੋਣ, ਆਈਸੀਯੂ ਵਿੱਚ ਇਲਾਜ, ਸਰਜਰੀ ਜਾਂ ਡਾਇਲਿਸਿਸ ਦੀ ਲੋੜ ਪੈ ਜਾਵੇ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਤਾਜ਼ਾ ਸਿਹਤ ਅੰਕੜੇ ਦਰਸਾਉਂਦੇ ਹਨ ਕਿ ਡਾਇਬੀਟੀਜ਼ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ। ਇਹ ਤੇਜ਼ੀ ਨਾਲ ਕੰਮਕਾਜੀ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਜਿਸ ਕਾਰਨ ਪਰਿਵਾਰਾਂ, ਰੁਜ਼ਗਾਰ ਦੇਣ ਵਾਲਿਆਂ ਅਤੇ ਸਿਹਤ ਪ੍ਰਣਾਲੀ ’ਤੇ ਲਗਾਤਾਰ ਬੋਝ ਵਧ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਅਨੁਸਾਰ ਅਸੰਤੁਲਿਤ ਖ਼ੁਰਾਕ, ਜੰਕ ਅਤੇ ਪ੍ਰੋਸੈਸਡ ਫੂਡ, ਮਿੱਠੇ ਪੇਅ ਪਦਾਰਥਾਂ ਦਾ ਵੱਧ ਸੇਵਨ, ਸਰੀਰਕ ਅਕਿਰਿਆਸ਼ੀਲਤਾ, ਮੋਟਾਪਾ, ਤੰਬਾਕੂ ਅਤੇ ਸ਼ਰਾਬ ਦੇ ਸੇਵਨ ਕਾਰਨ ਦੁਨੀਆ ਭਰ ਵਿੱਚ ਡਾਇਬੀਟੀਜ਼ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੰਮ ਦੇ ਲੰਬੇ ਘੰਟੇ, ਨੀਂਦ ਪੂਰੀ ਨਾ ਹੋਣਾ ਅਤੇ ਲਗਾਤਾਰ ਤਣਾਅ ਨੇ ਵੀ ਇਸ ਬੀਮਾਰੀ ਦੇ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਟੇਟ ਹੈਲਥ ਏਜੰਸੀ (ਐੱਸਐੱਚਏ), ਪੰਜਾਬ, ਵੱਲੋਂ 21 ਜੁਲਾਈ 2026 ਤੱਕ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਡਾਇਬੀਟੀਜ਼ ਨਾਲ ਸੰਬੰਧਿਤ 2,300 ਇਲਾਜ ਮਾਮਲਿਆਂ ’ਤੇ ਲਗਭਗ ₹6.5 ਕਰੋੜ (₹6,49,99,151.6) ਖ਼ਰਚ ਕੀਤੇ ਗਏ। ਇਨ੍ਹਾਂ ਵਿੱਚ 36 ਤੋਂ 60 ਸਾਲ ਉਮਰ ਵਰਗ ਦੇ ਬਾਲਗਾਂ ਦੇ 1,123 ਮਾਮਲੇ ਸਭ ਤੋਂ ਵੱਧ ਦਰਜ ਕੀਤੇ ਗਏ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੇ 809, 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨਾਂ ਦੇ 243 ਅਤੇ 0 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਦੇ 125 ਮਾਮਲੇ ਦਰਜ ਕੀਤੇ ਗਏ। ਇਹ ਅੰਕੜੇ ਦਰਸਾਉਂਦੇ ਹਨ ਕਿ ਡਾਇਬੀਟੀਜ਼ ਤੇਜ਼ੀ ਨਾਲ ਪੰਜਾਬ ਦੀ ਆਰਥਿਕ ਤੌਰ ’ਤੇ ਉਤਪਾਦਕ ਆਬਾਦੀ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਜਦਕਿ ਇਸ ਦਾ ਪ੍ਰਭਾਵ ਘੱਟ ਉਮਰ ਵਰਗ ਦੇ ਲੋਕਾਂ ’ਤੇ ਵੀ ਨਜ਼ਰ ਆ ਰਿਹਾ ਹੈ।

ਇਲਾਜ ਸੰਬੰਧੀ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਹਸਪਤਾਲ ਪਹੁੰਚਣ ਵਾਲੇ ਕਈ ਮਰੀਜ਼ ਗੰਭੀਰ ਹਾਲਤ ਵਿੱਚ ਸਨ। ਖ਼ੂਨ ਵਿੱਚ ਸ਼ੂਗਰ ਦਾ ਪੱਧਰ ਬਹੁਤ ਜ਼ਿਆਦਾ ਬੇਕਾਬੂ ਹੋਣ ਕਾਰਨ ਪੈਦਾ ਹੋਣ ਵਾਲੀ ਜਾਨਲੇਵਾ ਸਥਿਤੀ ਡਾਇਬੈਟਿਕ ਕੀਟੋਐਸਿਡੋਸਿਸ ਦੇ ਇਲਾਜ ਲਈ ਸਭ ਤੋਂ ਵੱਧ ਦਾਅਵੇ ਦਰਜ ਕੀਤੇ ਗਏ।

ਲੰਬੇ ਸਮੇਂ ਤੱਕ ਡਾਇਬੀਟੀਜ਼ ਕਾਰਨ ਨਸਾਂ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਪੈਦਾ ਹੋਣ ਵਾਲਾ ਡਾਇਬੈਟਿਕ ਫੁੱਟ ਇਲਾਜ ਦੀ ਦੂਜੀ ਸਭ ਤੋਂ ਪ੍ਰਮੁੱਖ ਸਥਿਤੀ ਵਜੋਂ ਸਾਹਮਣੇ ਆਇਆ। ਕਈ ਮਰੀਜ਼ਾਂ ਨੂੰ ਡਾਇਲਿਸਿਸ, ਬਲੱਡ ਟ੍ਰਾਂਸਫਿਊਜ਼ਨ, ਸੀਟੀ ਅਤੇ ਐਮਆਰਆਈ ਜਾਂਚ, ਆਈਸੀਯੂ ਅਤੇ ਡਾਇਬੈਟਿਕ ਫੁੱਟ ਸਰਜਰੀ ਦੀ ਲੋੜ ਪਈ, ਜੋ ਹਸਪਤਾਲ ਵਿੱਚ ਦਾਖ਼ਲ ਹੋਣ ਸਮੇਂ ਬੀਮਾਰੀ ਦੀ ਗੰਭੀਰ ਹਾਲਤ ਨੂੰ ਦਰਸਾਉਂਦਾ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਅੰਕੜੇ ਹਰ ਪਰਿਵਾਰ ਲਈ ਇੱਕ ਚੇਤਾਵਨੀ ਹਨ। ਉਨ੍ਹਾਂ ਕਿਹਾ, “ਇਹ ਅਜਿਹੇ ਲੋਕ ਨਹੀਂ ਹਨ ਜੋ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਪਹੁੰਚ ਚੁੱਕੇ ਹਨ। ਇਹ ਸੂਬੇ ਦੀ ਕੰਮਕਾਜੀ ਆਬਾਦੀ ਹੈ—ਉਹ ਲੋਕ ਜੋ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਕਾਰੋਬਾਰ ਚਲਾ ਰਹੇ ਹਨ, ਕਰਜ਼ੇ (ਲੋਨ) ਚੁਕਾ ਰਹੇ ਹਨ ਅਤੇ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਸਹਾਰਾ ਬਣੇ ਹੋਏ ਹਨ। ਜਦੋਂ ਡਾਇਬੀਟੀਜ਼ ਇਸ ਉਮਰ ਵਰਗ ਦੇ ਲੋਕਾਂ ਨੂੰ ਹਸਪਤਾਲ ਤੱਕ ਪਹੁੰਚਾ ਦਿੰਦੀ ਹੈ, ਤਾਂ ਇਸ ਦਾ ਪ੍ਰਭਾਵ ਸਿਰਫ਼ ਮਰੀਜ਼ ਤੱਕ ਹੀ ਸੀਮਿਤ ਨਹੀਂ ਰਹਿੰਦਾ।”

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਇਬੀਟੀਜ਼ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਨਿਯਮਿਤ ਤੌਰ ’ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਣ। ਡਾ. ਬਲਬੀਰ ਸਿੰਘ ਨੇ ਕਿਹਾ, “ਡਾਇਬੀਟੀਜ਼ ਦੀਆਂ ਪੇਚੀਦਗੀਆਂ ਦਾ ਇਲਾਜ ਕਰਵਾਉਣ ਨਾਲੋਂ ਇਸ ਦੀ ਰੋਕਥਾਮ ਕਿਤੇ ਵੱਧ ਆਸਾਨ ਹੈ। ਪੇਚੀਦਗੀਆਂ ਹੋਣ ਦਾ ਇੰਤਜ਼ਾਰ ਨਾ ਕਰੋ। ਹਸਪਤਾਲ ਲੋਕਾਂ ਦੀ ਜ਼ਿੰਦਗੀ ਤਾਂ ਬਚਾ ਸਕਦੇ ਹਨ, ਪਰ ਲਾਪਰਵਾਹੀ ਕਾਰਨ ਗੁਆਏ ਹੋਏ ਸਾਲ ਵਾਪਸ ਨਹੀਂ ਲਿਆ ਸਕਦੇ।”

ਜਿੱਥੇ ਇੱਕ ਪਾਸੇ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਇਲਾਜ ਦਾ ਖ਼ਰਚ ਚੁੱਕ ਕੇ ਮਰੀਜ਼ਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰ ਰਹੀ ਹੈ, ਉੱਥੇ ਹੀ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਰੋਕਥਾਮ ਹੀ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ। ਸਮੇਂ ਸਿਰ ਜਾਂਚ, ਨਿਯਮਿਤ ਸਕ੍ਰੀਨਿੰਗ, ਸੰਤੁਲਿਤ ਅਤੇ ਪੌਸ਼ਟਿਕ ਖ਼ੁਰਾਕ ,ਨਿਯਮਿਤ ਸਰੀਰਕ ਗਤੀਵਿਧੀ, ਸਿਹਤਮੰਦ ਵਜ਼ਨ ਬਣਾਈ ਰੱਖਣਾ, ਤੰਬਾਕੂ ਅਤੇ ਹਾਨੀਕਾਰਕ ਪੱਧਰ ’ਤੇ ਸ਼ਰਾਬ ਦੇ ਸੇਵਨ ਤੋਂ ਬਚਣਾ ਡਾਇਬੀਟੀਜ਼ ਅਤੇ ਇਸ ਤੋਂ ਹੋਣ ਵਾਲੀਆਂ ਗੰਭੀਰ ਅਤੇ ਅਪੰਗਤਾ ਪੈਦਾ ਕਰਨ ਵਾਲੀਆਂ ਪੇਚੀਦਗੀਆਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ।

*ਡਾਇਬੀਟੀਜ਼ ਸੰਬੰਧੀ ਅੰਕੜੇ ਕੀ ਦੱਸਦੇ ਹਨ:*

* 36 ਤੋਂ 60 ਸਾਲ ਉਮਰ ਵਰਗ ਦੇ ਬਾਲਗਾਂ ਵਿੱਚ ਡਾਇਬੀਟੀਜ਼ ਨਾਲ ਸੰਬੰਧਿਤ ਸਭ ਤੋਂ ਵੱਧ 1,123 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੇ 809, 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨਾਂ ਦੇ 243 ਅਤੇ 0 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਦੇ 125 ਮਾਮਲੇ ਦਰਜ ਕੀਤੇ ਗਏ।

* 21 ਜੁਲਾਈ 2026 ਤੱਕ ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਡਾਇਬੀਟੀਜ਼ ਨਾਲ ਸੰਬੰਧਿਤ 2,300 ਇਲਾਜ ਮਾਮਲਿਆਂ ’ਤੇ ਲਗਭਗ ₹6.5 ਕਰੋੜ (₹6,49,99,151.6) ਖ਼ਰਚ ਕੀਤੇ ਗਏ।

* ਬਹੁਤ ਜ਼ਿਆਦਾ ਬੇਕਾਬੂ ਡਾਇਬੀਟੀਜ਼ ਦੀ ਗੰਭੀਰ ਸਥਿਤੀ ਨੂੰ ਦਰਸਾਉਣ ਵਾਲਾ ਡਾਇਬੈਟਿਕ ਕੀਟੋਐਸਿਡੋਸਿਸ ਸਭ ਤੋਂ ਵੱਧ ਦਾਅਵਾ ਕੀਤਾ ਗਿਆ ਇਲਾਜ ਪੈਕੇਜ ਰਿਹਾ।

* ਲੰਬੇ ਸਮੇਂ ਤੋਂ ਨਸਾਂ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਹੋਏ ਨੁਕਸਾਨ ਦਾ ਸੰਕੇਤ ਦੇਣ ਵਾਲਾ ਡਾਇਬੈਟਿਕ ਫੁੱਟ ਦੂਜੀ ਸਭ ਤੋਂ ਵੱਡੀ ਪੇਚੀਦਗੀ ਵਜੋਂ ਸਾਹਮਣੇ ਆਇਆ।

* ਅਨੇਕਾਂ ਮਰੀਜ਼ਾਂ ਨੂੰ ਡਾਇਲਿਸਿਸ, ਆਈਸੀਯੂ ਇਲਾਜ, ਬਲੱਡ ਟ੍ਰਾਂਸਫਿਊਜ਼ਨ, ਸੀਟੀ/ਐਮਆਰਆਈ ਜਾਂਚ ਅਤੇ ਡਾਇਬੈਟਿਕ ਫੁੱਟ ਸਰਜਰੀ ਵਰਗੀਆਂ ਉੱਨਤ ਸਿਹਤ ਸੇਵਾਵਾਂ ਦੀ ਲੋੜ ਪਈ।

* ਸਮੇਂ ਸਿਰ ਸਕ੍ਰੀਨਿੰਗ, ਸਿਹਤਮੰਦ ਜੀਵਨ ਸ਼ੈਲੀ ਅਤੇ ਉਚਿਤ ਪ੍ਰਬੰਧਨ ਹੀ ਡਾਇਬੀਟੀਜ਼ ਦੀਆਂ ਗੰਭੀਰ ਪੇਚੀਦਗੀਆਂ ਤੋਂ ਬਚਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments